ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼
ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. (ਸੈਂਟਰਲ ਸਾਈਇੰਟਫਿ਼ਕ ਇੰਸਟਰੂਮੈਂਟਸ ਆਰਗੇਨਾਈਜ਼ੇਸ਼ਨ) ਵੱਲੋਂ ਇੱਕ ਅਕਾਦਮਿਕ ਇਕਰਾਰਨਾਮਾ (ਐੱਮ.ਓ.ਯੂ.) ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਹੋਏ ਸਮਾਗਮ ਦੌਰਾਨ ਦੋਹੇਂ ਧਿਰਾਂ ਵੱਲੋਂ ਇਸ ਇਕਰਾਰਨਾਮੇ ਨੂੰ ਰਸਮੀ ਰੂਪ ਦਿੱਤਾ ਗਿਆ। ਇਸ ਇਕਰਾਰਨਾਮੇ ਤਹਿਤ ਦੋਹੇਂ ਅਦਾਰੇ ਅਕਾਦਮਿਕ ਖੇਤਰ ਵਿੱਚ ਸਾਂਝੇਦਾਰੀ ਕਾਇਮ ਕਰਦਿਆਂ ਮਿਲ ਕੇ ਕੰਮ ਕਰਨਗੇ। ਇਕਰਾਰਨਾਮੇ ਅਨੁਸਾਰ ਦੋਹਾਂ ਅਦਾਰਿਆਂ ਵਿੱਚ ਫ਼ੈਕਲਟੀ, ਖੋਜ, ਗਿਆਨ ਸਮੱਗਰੀ, ਖੋਜਾਰਥੀ ਆਦਿ ਪੱਧਰਾਂ ਉੱਤੇ ਆਪਸੀ ਤਬਦੀਲੀ ਦੀ ਸੁਵਿਧਾ ਹੋਵੇਗੀ ਜਿਸ ਨਾਲ ਦੋਹੇਂ ਅਦਾਰਿਆਂ ਦੇ ਕੰਮ ਕਰਨ ਦੀਆਂ ਸੀਮਾਵਾਂ ਦਾ ਵਿਸਥਾਰ ਹੋਵੇਗਾ।
ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਇਕਰਾਰਨਾਮੇ ਉੱਪਰ ਦਸਤਖ਼ਤ ਕੀਤੇ ਜਦੋਂ ਕਿ ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. ਵੱਲੋਂ ਡਾਇਰੈਕਟਰ ਪ੍ਰੋ. ਸੁਬਰਾਮਨੀਅਮ ਅਨੰਥਾ ਰਾਮਾਕ੍ਰਿਸ਼ਨਾ ਨੇ ਦਸਤਖ਼ਤ ਕੀਤੇ।
ਜਿ਼ਕਰਯੋਗ ਹੈ ਕਿ ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. (ਸੈਂਟਰਲ ਸਾਈਇੰਟਫਿ਼ਕ ਇੰਸਟਰੂਮੈਂਟਸ ਆਰਗੇਨਾਈਜ਼ੇਸ਼ਨ) ਇੱਕ ਪ੍ਰਮੁੱਖ & ਸੰਸਥਾ ਹੈ ਜੋ ਵਿਗਿਆਨਕ ਅਤੇ ਉਦਯੋਗਿਕ ਯੰਤਰਾਂ ਦੀ ਖੋਜ, ਡਿਜ਼ਾਈਨ ਅਤੇ ਵਿਕਾਸ ਦੇ ਖੇਤਰ ਵਿੱਚ ਸ਼ਾਨਦਾਰ ਕਾਰਜ ਕਰ ਰਹੀ ਹੈ।ਅਕੈਡਮੀ ਆਫ਼ ਸਾਇੰਟਿਫਿਕ ਐਂਡ ਇਨੋਵੇਟਿਵ ਰਿਸਰਚ ਅਧੀਨ ਪੀ.ਐੱਚ.ਡੀ. ਅਤੇ ਐਮ.ਟੈੱਕ ਪ੍ਰੋਗਰਾਮਾਂ ਵਿੱਚ ਸਹਾਈ ਹੋਣ ਤੋਂ ਇਲਾਵਾ ਇਸ ਸੰਸਥਾ ਦੇ ਸੀ.ਐੱਸ.ਆਈ.ਓ-ਇੰਡੋ-ਸਵਿੱਸ ਟਰੇਨਿੰਗ ਸੈਂਟਰ ਵਿਖੇ 1963 ਤੋਂ ਇੰਡਸਟਰੀਅਲ ਆਟੋਮੇਸ਼ਨ ਆਦਿ ਦੇ ਖੇਤਰਾਂ ਵਿੱਚ ਹੁਨਰ ਵਿਕਾਸ ਕੋਰਸ (ਸਕਿੱਲ ਡਿਵੈਲਪਮੈਂਟ ਕੋਰਸ ਵੀ ਚਲਾਏ ਜਾਂਦੇ ਹਨ। ਦੂਸਰੇ ਪਾਸੇ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਵਿਸ਼ੇਸ਼ ਤੌਰ ਉੱਤੇ ਮਾਲਵਾ ਖਿੱਤੇ ਵਿੱਚ ਵੱਡੇ ਖੇਤਰ ਦੇ ਪੇਂਡੂ, ਗਰੀਬ, ਲੜਕੀਆਂ ਅਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਦੀਆਂ ਉਚੇਰੀ ਸਿੱਖਿਆ ਦੀਆਂ ਲੋੜਾਂ ਦੀ ਪੂਰਤੀ ਕਰ ਰਹੀ ਹੈ। ਪੰਜਾਬੀ ਯੂਨੀਵਰਸਿਟੀ ਦੀ ਬਹੁ-ਵਿਸ਼ਾਵੀ ਫਿਜ਼ਾ ਵਿੱਚ ਇੰਜਨੀਅਰਿੰਗ ਜਿਹੇ ਤਕਨੀਕੀ ਵਿਸਿ਼ਆਂ ਦੀ ਉਚੇਰੀ ਪੜ੍ਹਾਈ ਕਰਨ ਦਾ ਆਪਣਾ ਇੱਕ ਵਿਸ਼ੇਸ਼ ਮਹੱਤਵ ਹੈ। ਇਸ ਲਿਹਾਜ਼ ਨਾਲ ਇਨ੍ਹਾਂ ਦੋਹਾਂ ਅਦਾਰਿਆਂ ਦੀ ਇਹ ਸਾਂਝ ਭਵਿੱਖ ਵਿੱਚ ਨਿਸ਼ਚੇ ਹੀ ਦੋਹਾਂ ਪੱਖਾਂ ਲਈ ਸਹਾਈ ਸਿੱਧ ਹੋਵੇਗੀ।
ਇਕਰਾਰਨਾਮੇ ਉੱਤੇ ਹਸਤਾਖ਼ਰ ਕਰਨ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਭਵਿੱਖ ਵਿੱਚ ਇਸ ਇਕਰਾਰਨਾਮੇ ਦੇ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ। ਇਸ ਨਾਲ ਗਰਮੀਆਂ ਅਤੇ ਸਰਦੀਆਂ ਦੀਆਂ ਇੰਟਰਨਸਿ਼ਪਸ ਤੋਂ ਇਲਾਵਾ ਅੰਡਰ ਗਰੈਜੂਏਟ/ਪੋਸਟ ਗਰੈਜੂਏਟ/ਪੀ.ਐਚ.ਡੀ. ਪ੍ਰੋਗਰਾਮਾਂ ਵਿੱਚ ਥੀਸਿਸ ਆਦਿ ਦੇ ਪੱਧਰਾਂ ਉੱਪਰ ਦੋਹਾਂ ਅਦਾਰਿਆਂ ਦੇ ਵਿਦਿਆਰਥੀਆਂ ਦੇ ਆਪਸੀ ਅਦਾਨ-ਪ੍ਰਦਾਨ ਦੀ ਸਹੂਲਤ ਮਿਲੇਗੀ। ਅਜਿਹਾ ਹੋਣ ਨਾਲ ਸਾਂਝੇਦਾਰੀ ਵਾਲੀ ਖੋਜ ਲਈ ਢੁਕਵਾਂ ਮਾਹੌਲ ਪੈਦਾ ਹੋਵੇਗਾ। ਇਸ ਮਕਸਦ ਲਈ ਇਹ ਆਪਣੇ ਆਪ ਵਿੱਚ ਇਕੱ ਢੁਕਵਾਂ ਪਲੇਟਫਾਰਮ ਹੋਵੇਗਾ। ਉਨ੍ਹਾਂ ਕਿਹਾ ਕਿ ਇੰਝ ਅਦਾਰਿਆਂ ਦੇ ਆਪਸੀ ਸਹਿਯੋਗ ਨਾਲ ਹੋਣ ਵਾਲੀਆਂ ਖੋਜਾਂ ਦੇ ਬਲਬੂਤੇ ਚੰਗੇ ਸਿੱਟੇ ਸਾਹਮਣੇ ਆਉਂਦੇ ਹਨ ਜੋ ਰਾਸ਼ਟਰ ਨਿਰਮਾਣ ਵਿੱਚ ਲੋੜੀਂਦੇ ਬਹੁਤ ਸਾਰੇ ਮਸਲਿਆਂ ਦੇ ਢੁਕਵੇਂ ਹੱਲ ਬਣਦੇ ਹਨ।
ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. ਵੱਲੋਂ ਡਾਇਰੈਕਟਰ ਪ੍ਰੋ. ਸੁਬਰਾਮਨੀਅਮ ਅਨੰਥਾ ਰਾਮਾਕ੍ਰਿਸ਼ਨਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਦਯੋਗਿਕ ਖੇਤਰ ਖੋਜ ਦੇ ਆਪਣੇ ਆਦੇਸ਼ ਦੇ ਨਾਲ ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. ਹੁਣ ਦੇਸ ਦੇ ਲੋਕਾਂ ਦੀ ਸੇਵਾ ਕਰਨ ਲਈ ਵੱਖ-ਵੱਖ ਉਤਪਾਦਾਂ ਵਿੱਚ ਖੋਜ ਕਰਨ ਲਈ ਪੰਜਾਬੀ ਯੂਨੀਵਰਸਿਟੀ ਅਤੇ ਇੰਡਸਟਰੀ ਦਰਮਿਆਨ ਹੋਣ ਵਾਲੀਆਂ ਅਕਾਦਮਿਕ ਗਤੀਵਿਧੀਆਂ ਵਿਚਕਾਰ ਇੰਟਰਫੇਸ ਵਜੋਂ ਕੰਮ ਕਰੇਗਾ।ਇਸ ਮੌਕੇ ਉਨ੍ਹਾਂ ਵੱਲੋਂ ਸੀ.ਐੱਸ.ਆਈ.ਆਰ. ਦੀਆਂ ਉਪਲਬਧੀਆਂ ਅਤੇ ਮੌਜੂਦਾ ਸਮੇਂ ਇੱਥੇ ਉਪਲੱਬਧ ਸੁਵਿਧਾਵਾਂ ਬਾਰੇ ਵੀ ਚਾਨਣਾ ਪਾਇਆ ਗਿਆ।
ਇਸ ਇਕਰਾਰਨਾਮੇ ਦੀ ਹਸਤਾਖ਼ਰ ਰਸਮ ਉਪਰੰਤ ਪੰਜਾਬੀ ਯੂਨੀਵਰਸਿਟੀ ਦੇ ਇੰਜਨੀਅਰ ਵਿੰਗ ਤੋਂ ਉਚੇਚੇ ਤੌਰ ਉੱਤੇ ਚੰਡੀਗੜ੍ਹ ਪੁੱਜੀ ਟੀਮ, ਜਿਸ ਵਿੱਚ ਕਿ ਇੰਜਨੀਅਰਿੰਗ ਫ਼ੈਕਲਟੀ ਦੇ ਡੀਨ ਮਨਜੀਤ ਪਾਤੜ ਤੋਂ ਇਲਾਵਾ ਚਾਰੋਂ ਇੰਜਨੀਅਰਿੰਗ ਵਿਭਾਗਾਂ ਦੇ ਮੁਖੀ ਵੀ ਸ਼ਾਮਿਲ ਸਨ, ਵੱਲੋਂ ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ. ਦੀ ਫ਼ੈਕਲਟੀ ਨਾਲ ਸੰਵਾਦ ਰਚਾਇਆ। ਇਸ ਵਿਚਾਰ ਚਰਚਾ ਦੌਰਾਨ ਦੋਹਾਂ ਅਦਾਰਿਆਂ ਵੱਲੋਂ ਅਕਾਦਮਿਕ ਖੇਤਰ ਵਿੱਚ ਇਕੱਠਿਆਂ ਕੰਮ ਕਰਨ ਸੰਬੰਧੀ ਖੇਤਰਾਂ ਦੀ ਪਹਿਚਾਣ ਅਤੇ ਰਣਨੀਤੀ ਬਾਰੇ ਵਿਚਾਰ ਚਰਚਾ ਹੋਈ।
ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਇੰਜਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਇਸ ਇਕਰਾਰਨਾਮੇ ਦੀ ਤਜਵੀਜ਼ ਉਨ੍ਹਾਂ ਦੇ ਵਿਭਾਗ ਵੱਲੋਂ ਬਣਾਈ ਗਈ ਸੀ ਜਿਸ ਉਪਰੰਤ ਇੰਜਨਅਰਿੰਗ ਵਿੰਗ ਦੇ ਬਾਕੀ ਵਿਭਾਗ ਵੀ ਇਸ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਇਕਰਾਰਨਾਮਾ ਦਸ ਸਾਲ ਲਈ ਹੈ ਜਿਸ ਨੂੰ ਵੱਖ-ਵੱਖ ਸਮੇਂ ਲੋੜ ਅਨੁਸਾਰ ਰਿਵਿਊ ਕੀਤਾ ਜਾਣਾ ਹੈ।