ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪਹਿਲੀ ਵਾਰ ਤਿਆਰ ਕੀਤਾ ਗਿਆ ਟੇਬਲ-ਕੈਲੰਡਰ ਅੱਜ ਇੱਥੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਜਿ਼ਕਰਯੋਗ ਹੈ ਕਿ ਪਹਿਲਾਂ ਯੂਨੀਵਰਸਿਟੀ ਵੱਲੋਂ ਹਰ ਵਾਰ ਸਿਰਫ਼ ਕੰਧ-ਕੈਲੰਡਰ ਹੀ ਤਿਆਰ ਕੀਤਾ ਜਾਂਦਾ ਸੀ ਪਰ ਇਸ ਵਾਰ ਇਹ ਪਹਿਲਕਦਮੀ ਕੀਤੀ ਗਈ।
ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਡਾ. ਰਾਜੇਸ਼ ਸ਼ਰਮਾ ਵੱਲੋਂ ਦੱਸਿਆ ਗਿਆ ਇਸ ਕੈਲੰਡਰ ਦੇ ਹਰੇਕ ਪੰਨੇ ਉੱਪਰ ਪੰਜਾਬੀ ਯੂਨੀਵਰਸਿਟੀ ਅਤੇ ਇਸ ਨਾਲ ਸੰਬੰਧਤ ਬਾਹਰੀ ਕੈਂਪਸਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਹ ਪੰਜਾਬੀ ਯੂਨੀਵਰਸਿਟੀ ਅਤੇ ਇਸ ਦੇ ਵੱਖ-ਵੱਖ ਕਾਲਜਾਂ ਨਾਲ ਸੰਬੰਧਤ ਵਿਦਿਆਰਥੀਆਂ ਵੱਲੋਂ ਭੇਜੀਆਂ ਗਈਆਂ ਹਨ। ਇਸ ਸੰਬੰਧੀ ਸੂਚਨਾ ਜਾਰੀ ਕਰਨ ਉਪਰੰਤ 51 ਤਸਵੀਰਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ ਗੁਣਵੱਤਾ ਦੇ ਅਧਾਰ ਉੱਤੇ ਚੋਣ ਕਮੇਟੀ ਵੱਲੋਂ ਇਹ 14 ਤਸਵੀਰਾਂ ਚੁਣੀਆਂ ਗਈਆਂ ਹਨ। ਇਨ੍ਹਾਂ ਚੁਣੀਆਂ ਗਈਆਂ ਤਸਵੀਰਾਂ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਵਿਦਿਆਰਥੀ ਗੁਰਜਾਪ ਸਿੰਘ (ਅਰਥ ਸ਼ਾਸਤਰ ਵਿਭਾਗ), ਕਰਮਜੀਤ ਸਿੰਘ, ਭਾਵਿਯਾ ਮਹਿਤਾ,ਇੰਦਰਜੀਤ ਸਿੰਘ, ਪਰਮਦੀਪ ਸਿੰਘ, ਵਰਿੰਦਰ ਖੁਰਾਣਾ (ਪੰਜਾਬੀ ਵਿਭਾਗ), ਬਰਿੰਦਰ ਸਿੰਘ (ਅੰਗਰੇਜ਼ੀ ਵਿਭਾਗ) ਸੁਖਵੀਰ (ਅੰਗਰੇਜ਼ੀ ਵਿਭਾਗ), ਮਮਤਾ ਬਿਸ਼ਨੋਈ (ਹਿੰਦੀ ਵਿਭਾਗ), ਰਿੱਤੋ ਚੋਫ਼ੀ (ਫ਼ੌਰੈਂਸਿਕ ਸਾਇੰਸ ਵਿਭਾਗ), ਟੀ.ਡੀ.ਪੀ. ਮਾਲਵਾ ਕਾਲਜ ਰਾਮਪੁਰਾ ਫ਼ੂਲ ਦੇ ਜੁਗਰਾਜ ਸਿੰਘ, ਬਾਬਾ ਜੋਗੀਪੀਰ ਨੇਬਰਹੁੱਡ ਕੈਂਪਸ ਰੱਲਾ (ਮਾਨਸਾ) ਦੇ ਅਰਸ਼ਦੀਪ ਸਿੰਘ, ਕਾਂਸਚੀਚੁਐਂਟ ਕਾਲਜ ਘਨੌਰ ਦੇ ਗੁਰਪ੍ਰੀਤ ਸਿੰਘ ਅਤੇ ਯਸ਼ ਸ਼ਰਮਾ ਦੀਆਂ ਤਸਵੀਰਾਂ ਸ਼ਾਮਿਲ ਹਨ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਵੱਖ-ਵੱਖ ਵਿਦਿਆਰਥੀਆਂ ਵੱਲੋਂ ਖਿੱਚੀਆਂ ਤਸਵੀਰਾਂ ਦਰਸਾਉਂਦੀਆਂ ਹਨ ਕਿ ਯੂਨੀਵਰਸਿਟੀ ਦੇ ਵੱਖ ਵੱਖ ਕੈਂਪਸਾਂ ਦੇ ਵਿਦਿਆਰਥੀ, ਜੋ ਕਿ ਵਿਸ਼ੇ ਅਤੇ ਵਿਭਾਗ ਪੱਖੋਂ ਵੀ ਵੰਨ-ਸੁਵੰਨਤਾ ਰੱਖਦੇ ਹਨ, ਉਹ ਸਭ ਇਸ ਵਿੱਚ ਸ਼ਾਮਿਲ ਹੋਏ ਹਨ।
ਕਾਂਸਚੀਚੁਐਂਟ ਕਾਲਜ ਘਨੌਰ, ਜਿਸ ਦੇ ਕਿ ਦੋ ਵਿਦਿਆਰਥੀਆਂ ਦੀਆਂ ਤਸਵੀਰਾਂ ਇਸ ਵਿੱਚ ਸ਼ਾਮਿਲ ਹਨ, ਦੇ ਪ੍ਰਿੰਸੀਪਲ ਇੰਚਾਰਜ ਡਾ. ਨੈਨਾ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਤਸਵੀਰਾਂ ਦੀ ਚੋਣ ਹੋਣ ਨਾਲ਼ ਹੋਰਨਾਂ ਵਿਦਿਆਰਥੀਆਂ ਵਿੱਚ ਵੀ ਉਤਸ਼ਾਹ ਪੈਦਾ ਹੋਵੇਗਾ।
ਡਾ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਹਾਲ ਦੀ ਘੜੀ ਪਹਿਲੇ ਪੜਾਅ ਉੱਤੇ ਇਸ ਕੈਲੰਡਰ ਨੂੰ ਸੀਮਿਤ ਗਿਣਤੀ ਵਿੱਚ ਹੀ ਪ੍ਰਕਾਸਿ਼ਤ ਕੀਤਾ ਗਿਆ ਹੈ ਜੋ ਕਿ ਪਬਲੀਕੇਸ਼ਨ ਬਿਊਰੋ ਦੇ ਵਿੱਕਰੀ ਕੇਂਦਰ ਉੱਤੇ ਉਪਲਬਧ ਹੈ। ਇਸ ਕੈਲੰਡਰ ਦੇ ਚਾਹਵਾਨ ਵਿੱਕਰੀ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਹ ਕੈਲੰਡਰ ਦਫ਼ਤਰੀ ਵਰਤੋਂ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ ਕਿਉਂਕਿ ਹਰੇਕ ਤਸਵੀਰ ਦੇ ਪਿੱਛੇ ਨੋਟਿੰਗ ਲਈ ਵੀ ਜਗ੍ਹਾ ਉਪਲਬਧ ਹੈ।