ਪੰਜਾਬੀ ਯੂਨੀਵਰਸਿਟੀ : "ਪੰਜਾਬੀ ਯੂਨੀਵਰਸਿਟੀ ਵਿੱਚ ਇਸ ਵੇਲੇ ਹੋ ਰਹੇ ਸਮਾਗਮਾਂ ਦਾ ਖਾਸਾ 1880ਵਿਆਂ ਦੇ ਦਹਾਕੇ ਦੇ ਲਾਹੌਰ ਨਾਲ ਮੇਲ ਖਾਂਦਾ ਹੈ।" ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਉੱਘੇ ਵਿਗਿਆਨੀ ਪ੍ਰੋ. ਅਰੁਣ ਗਰੋਵਰ ਨੇ ਇਹ ਦਲੀਲ ਵਿਗਿਆਨ ਹਫ਼ਤੇ ਨਾਲ ਸੰਬੰਧਤ ਪ੍ਰੋਗਰਾਮਾਂ ਦੇ ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ ਦਿੱਤੀ।
ਪੰਜਾਬ ਵਿੱਚ ਵਿਗਿਆਨ ਦੀ ਵਿਰਾਸਤ ਬਾਰ ਬੋਲਦਿਆਂ ਪ੍ਰੋ. ਅਰੁਣ ਗਰੋਵਰ ਨੇ ਪੰਜਾਬ ਦੇ 150 ਸਾਲਾਂ ਦਾ ਇਤਿਹਾਸ, ਵਿਗਿਆਨ, ਵਿਗਿਆਨੀਆਂ ਅਤੇ ਉਨ੍ਹਾਂ ਵੱਲੋਂ ਵਿਗਿਆਨ ਦੀਆਂ ਖੋਜਾਂ ਵਿੱਚ ਪਾਏ ਯੋਗਦਾਨ ਦੇ ਹਵਾਲੇ ਨਾਲ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ 1860ਵਿਆਂ ਦੇ ਦਹਾਕੇ ਵਿੱਚ ਪੰਜਾਬ ਵਿੱਚ ਵਿਗਿਆਨ ਪੜ੍ਹਾਉਣ ਦਾ ਕੰਮ ਕਾਲਜਾਂ ਵਿੱਚ ਸ਼ੁਰੂ ਹੋਇਆ ਅਤੇ 1869 ਵਿੱਚ ਲਾਹੌਰ ਵਿੱਚ ਤਕਨੀਕੀ ਹੁਨਰਮੰਦੀ ਦਾ ਪਹਿਲਾ ਕਾਲਜ ਬਣਿਆ। ਆਪਣੇ ਭਾਸ਼ਣ ਵਿੱਚ ਪ੍ਰੋ. ਅਰੁਣ ਗਰੋਵਰ ਨੇ ਨਾਮੀ ਵਿਗਿਆਨੀਆਂ ਦੇ ਨਾਲ ਨਾਲ ਉਨ੍ਹਾਂ ਦੇ ਜਮਾਤੀਆਂ ਅਤੇ ਕਾਲਜ ਵੇਲੇ ਦੇ ਸੰਗੀਆਂ ਦਾ ਜਿ਼ਕਰ ਕਰਦੇ ਹੋਏ ਦਲੀਲ ਪੇਸ਼ ਕੀਤੀ ਕਿ ਨਾਮੀ ਵਿਗਿਆਨੀ ਸਿਰਫ਼ ਇਕੱਲੇ ਹੀ ਨਹੀਂ ਸਨ ਸਗੋਂ ਕਾਲਜਾਂ ਵਿੱਚ ਵਿਗਿਆਨ ਦਾ ਮਿਆਰ ਉੱਚਾ ਸੀ ਅਤੇ ਉਨ੍ਹਾਂ ਕਾਲਜਾਂ ਵਿਚੋਂ ਪੂਰਾਂ ਦੇ ਪੂਰ ਚੰਗੇ ਵਿਗਿਆਨੀਆਂ ਦੇ ਨਿੱਕਲੇ ਸਨ। ਉਨ੍ਹਾਂ ਨੇ ਰੁਚੀ ਰਾਮ ਸਾਹਨੀ ਤੋਂ ਬੀਰਬਲ ਸਾਹਨੀ ਤੱਕ, ਬੀਰਬਲ ਸਾਹਨੀ ਤੋਂ ਸ਼ਾਂਤੀ ਸਰੂਪ ਭਟਨਾਗਰ ਤੱਕ, ਸ਼ਾਂਤੀ ਸਰੂਪ ਭਟਨਾਗਰ ਤੋਂ ਪ੍ਰੋ. ਯਸ਼ਪਾਲ ਤੱਕ ਅਤੇ ਪ੍ਰੋ. ਯਸ਼ਪਾਲ ਤੋਂ ਉਨ੍ਹਾਂ ਦੀ ਅਗਲੀ ਪੀੜ੍ਹੀ ਤੱਕ ਕੜੀਆਂ ਜੋੜ ਕੇ ਪੇਸ਼ ਕੀਤੀਆਂ। ਲਾਹੌਰ ਦੇ ਕਾਲਜਾਂ ਵਿੱਚ ਵੀਹਵੀਂ ਸਦੀ ਦੇ ਪਹਿਲੇ ਅੱਧ ਦੀ ਤਫ਼ਸੀਲ ਦਿੰਦਿਆਂ ਉਨ੍ਹਾਂ ਦੱਸਿਆ ਕਿ ਲਾਹੌਰ ਦੇ ਕਾਲਜਾਂ ਵਿੱਚ ਅਧਿਆਪਕਾਂ ਦੀ ਗਿਣਤੀ ਘੱਟ ਸੀ। ਇਸ ਕਰ ਕੇ ਵੱਖਰੇ ਵੱਖਰੇ ਕਾਲਜ ਨੇ ਵੱਖਰੇ ਵੱਖਰੇ ਵਿਸ਼ੇ ਉੱਤੇ ਆਪਣੀ ਮੁਹਾਰਤ ਕਾਇਮ ਕੀਤੀ ਸੀ। ਨਤੀਜੇ ਵਜੋਂ ਵਿਦਿਆਰਥੀ ਇੱਕ ਕਾਲਜ ਵਿੱਚ ਭੌਤਿਕ ਵਿਗਿਆਨ ਪੜ੍ਹਦੇ ਸਨ ਅਤੇ ਦੂਜੇ ਕਾਲਜ ਵਿੱਚੋਂ ਰਸਾਇਣ ਵਿਗਿਆਨ ਪੜ੍ਹਦੇ ਸਨ ਅਤੇ ਇਸ ਤੋਂ ਅੱਗੇ ਤੀਜੇ ਕਾਲਜ ਵਿੱਚ ਹੋਰ ਵਿਸਿ਼ਆਂ ਦੀ ਪੜ੍ਹਾਈ ਕਰਦੇ ਸਨ। ਪ੍ਰੋ. ਗਰੋਵਰ ਨੇ ਉਸ ਤਜਰਬੇ ਵਿੱਚੋਂ ਨਿੱਕਲੇ ਨਤੀਜਿਆਂ ਅਤੇ ਓਸ ਨਾਲ ਸਿਰਜੇ ਗਏ ਮਾਹੌਲ ਦੀ ਤੁਲਨਾ ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਪੰਜ ਸਾਲਾ ਇੰਟੀਗਰੇਟਿਡ ਕੋਰਸਾਂ ਨਾਲ ਕੀਤੀ। ਇਨ੍ਹਾਂ ਕੋਰਸਾਂ ਵਿੱਚ ਵਿਦਿਆਰਥੀਆਂ ਨੂੰ ਵੰਨ ਸੁਵੰਨੇ ਕੋਰਸ ਪੜ੍ਹਨ ਦਾ ਮੌਕਾ ਵੀ ਮਿਲਦਾ ਹੈ ਅਤੇ ਉਨ੍ਹਾਂ ਕੋਲ਼ ਆਪਣੀ ਦਿਲਚਸਪੀ ਮੁਤਾਬਿਕ ਉੱਚ ਵਿਦਿਆ ਲਈ ਫ਼ੈਸਲਾ ਕਰਨ ਦੀ ਸੌਖ ਵੀ ਹੁੰਦੀ ਹੈ।
ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਬੋਲੀ ਅਤੇ ਵਿਗਿਆਨ ਦੇ ਹਵਾਲੇ ਨਾਲ ਮਨਾਏ ਜਾ ਰਹੇ ਪੰਦਰਵਾੜੇ ਤਹਿਤ ਅੱਜ ਵਿਗਿਆਨ ਹਫ਼ਤੇ ਦੀ ਸ਼ੁਰੂਆਤ ਹੋ ਗਈ ਹੈ। ਇਸ ਪੰਦਰਵਾੜੇ ਦੌਰਾਨ ਯੂਨੀਵਰਸਿਟੀ ਵੱਲੋਂ ਆਪਣੇ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾਂ ਵਿੱਚ ਦੇਸ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ 75 ਵੱਖ-ਵੱਖ ਤਰ੍ਹਾਂ ਦੇ ਸਮਾਗਮ ਕੀਤੇ ਜਾ ਰਹੇ ਹਨ।
ਅੱਜ ਦੇ ਇਸ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ ਦੇ ਕਾਰਜਕਾਰੀ ਨਿਰਦੇਸ਼ਕ ਜਤਿੰਦਰ ਕੌਰ ਅਰੋੜਾ ਨੇ ਦੱਸਿਆ ਕਿ ਇਹ ਇੱਕ ਚੰਗਾ ਮੌਕਾ ਹੈ ਜਦੋਂ ਵਿਗਿਆਨ ਦੀ ਗੱਲ ਹੋਣੀ ਚਾਹੀਦੀ ਹੈ। ਉਨ੍ਹਾਂ ਮਿਸਾਲਾਂ ਦੇ ਕੇ ਦੱਸਿਆ ਕਿ ਵਿਗਿਆਨ ਕਿਸ ਤਰ੍ਹਾਂ ਬੰਦੇ ਨੂੰ ਬੰਦਾ ਬਣਨ ਵਿੱਚ ਸਹਾਈ ਹੁੰਦਾ ਹੈ। ਉਨ੍ਹਾਂ ਇਸ ਮੌਕੇ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਫ਼ੈਲੋਸਿ਼ਪ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਆਪਣੇ ਭਾਸ਼ਣ ਵਿੱਚ ਪੰਜਾਬੀ ਯੂਨੀਵਰਸਿਟੀ ਦੀਆਂ ਵਿਲੱਖਣਤਾਵਾਂ ਬਾਰੇ ਗੱਲ ਕੀਤੀ ਗਈ।
ਵਿਗਿਆਨ ਹਫ਼ਤੇ ਸੰਬੰਧੀ ਪ੍ਰੋਗਰਾਮਾਂ ਦੇ ਕੋਆਰਡੀਨੇਟਰ ਅਤੇ ਬਾਇਓਟੈਕਨੌਲਜੀ ਵਿਭਾਗ ਦੇ ਮੁਖੀ ਡਾ. ਬਲਵਿੰਦਰ ਸਿੰਘ ਸੂਚ ਅਤੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਅਧਿਆਪਕ ਡਾ. ਗੁਰਪ੍ਰੀਤ ਸਿੰਘ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।
ਜਿ਼ਕਰਯੋਗ ਹੈ ਕਿ ਯੂਨੀਵਰਸਿਟੀ ਪੱਧਰ ਉੱਤੇ ਹੋਏ ਇਸ ਉਦਘਾਟਨੀ ਸਮਾਰੋਹ ਤੋਂ ਇਲਾਵਾ ਸਮੁੱਚੇ ਭਾਰਤ ਵਿੱਚ ਉਨ੍ਹਾਂ 75 ਥਾਵਾਂ ਉੱਤੇ ਇਸ ਪ੍ਰੋਗਰਾਮ ਦਾ ਆਨਲਾਈਨ ਉਦਘਾਟਨੀ ਸਮਾਰੋਹ ਵੀ ਹੋਇਆ। ਪੰਜਾਬੀ ਯੂਨੀਵਰਸਿਟੀ ਇਨ੍ਹਾਂ 75 ਥਾਵਾਂ ਵਿੱਚੋਂ ਇੱਕ ਥਾਂ ਹੈ ਜਿਸ ਨੂੰ ਇਸ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਪੰਜਾਬ ਵਿੱਚ ਤਿੰਨ ਹੋਰ ਥਾਵਾਂ ਜਲੰਧਰ, ਲੁਧਿਆਣਾ ਅਤੇ ਅਮ੍ਰਿਤਸਰ ਵਿੱਚ ਇਹ ਵਿਗਿਆਨ ਹਫ਼ਤਾ ਇਸ ਪੱਧਰ ਉੱੇਤੇ ਮਨਾਇਆ ਜਾ ਰਿਹਾ।
ਵਿਗਿਆਨ ਹਫ਼ਤੇ ਦੇ ਇਸ ਪਹਿਲੇ ਦਿਨ ਉਦਘਾਟਨੀ ਸਮਾਰੋਹ ਤੋਂ ਇਲਾਵਾ ਵੱਖ-ਵੱਖ ਥਾਵਾਂ ਉੱਤੇ ਲੱਗੀਆ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ ਜਿੱਥੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਪ੍ਰਦਰਸ਼ਨੀਆਂ ਵੇਖਣ ਲਈ ਪਹੁੰਚੇ।
ਵਰਨਣਯੋਗ ਹੈ ਕਿ ਵਿਗਿਆਨ ਹਫ਼ਤੇ ਦੌਰਾਨ ਹੋਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਦੀ ਲੜੀ ਵਿਚਲੇ ਸਾਰੇ ਪ੍ਰੋਗਰਾਮ ਆਮ ਲੋਕਾਈ ਤੱਕ ਵਿਗਿਆਨ ਦੇ ਪ੍ਰਸਾਰ ਦੇ ਮਕਸਦ ਨੂੰ ਧਿਆਨ ਵਿੱਚ ਰੱਖ ਕੇ ਉਲੀਕੇ ਗਏੇ ਹਨ। ਇਸ ਮਕਸਦ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਵਿਸ਼ੇਸ਼ ਉੱਦਮ ਕਰਦਿਆਂ ਯੂਨੀਵਰਸਿਟੀ ਕੈਂਪਸ ਵਿਚਲੀਆਂ ਵਿਗਿਆਨਕ ਮਹੱਤਵ ਵਾਲੀਆਂ ਵਿਸ਼ੇਸ਼ ਥਾਵਾਂ ਨੂੰ ਆਮ ਵਿਦਿਆਰਥੀਆਂ ਲਈ ਖੋਲ੍ਹਿਆ ਗਿਆ ਹੈ। ਇਨ੍ਹਾਂ ਥਾਵਾਂ ਵਿੱਚ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਹਰਬੇਰੀਅਮ, ਔਬਜ਼ਰਵੇਟਰੀ (ਜੋ ਕਿ ਸਮੁੱਚੇ ਉੱਤਰੀ ਭਾਰਤ ਵਿੱਚ ਸਿਰਫ਼ ਪੰਜਾਬੀ ਯੂਨੀਵਰਸਿਟੀ ਵਿੱਚ ਹੀ ਹੈ।), ਕੈਂਪਸ ਵਿੱਚ ਸਥਿਤ ਭਾਰਤ ਸਰਕਾਰ ਦੇ ਮੌਸਮ ਵਿਭਾਗ ਦੇ ਇੱਕ ਕੇਂਦਰ, ਬੋਟੈਨੀਕਲ ਗਾਰਡਨ ਆਦਿ ਥਾਵਾਂ ਸ਼ਾਮਿਲ ਹਨ। ਆਉਂਦੇ ਦਿਨਾਂ ਵਿੱਚ ਇਨ੍ਹਾਂ ਥਾਵਾਂ ਉੱਪਰ ਵਿਦਿਆਰਥੀਆਂ ਲਈ ਗਾਈਡਿਡ ਟੂਅਰ ਦੀ ਵਿਵਸਥਾ ਹੋਵੇਗੀ ਭਾਵ ਇਨ੍ਹਾਂ ਥਾਵਾਂ ਉੱਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਸੰਬੰਧਤ ਮਾਹਿਰਾਂ ਵਾਲਾਂ ਇਨ੍ਹਾਂ ਥਾਵਾਂ ਦੇ ਮਹੱਤਵ ਅਤੇ ਕਾਰਜ ਪ੍ਰਣਾਲੀ ਆਦਿ ਬਾਰੇ ਵਿਸਥਾਰ ਵਿੱਚ ਦੱਸਿਆ ਜਾਵੇਗਾ ਜੋ ਕਿ ਵਿਦਿਆਰਥੀਆਂ ਦੀ ਵਿਗਿਆਨਕ ਸੂਝ ਵਿੱਚ ਵਾਧਾ ਕਰੇਗਾ।