ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਜਾਅਲ੍ਹੀ ਬਿਲਾਂ ਵਾਲੇ ਘਪਲ਼ੇ ਦਾ ਘੇਰਾ ਤਕਰੀਬਨ ਛੇ ਲੱਖ ਤੋਂ ਸ਼ੁਰੂ ਹੋ ਕੇ ਗਿਆਰਾਂ ਕਰੋੜ ਰੁਪਏ ਪਾਰ ਕਰ ਗਿਆ ਹੈ। ਮੁਲਜ਼ਮਾਂ ਦੀ ਗਿਣਤੀ ਤਿੰਨ ਤੋਂ ਵਧ ਕੇ 107 ਹੋ ਗਈ ਹੈ ਜਿਨ੍ਹਾਂ ਵਿੱਚੋਂ ਚਾਲ਼ੀ ਦੀ ਸ਼ਨਾਖਤ ਹੋ ਚੁੱਕੀ ਹੈ। ਸਾਲ 2018 ਤੋਂ 2021 ਤੱਕ ਦੇ ਬਿਲਾਂ ਸੰਬੰਧੀ ਸ਼ੁਰੂ ਹੋਈ ਇਹ ਜਾਂਚ 2013 ਸੈਸ਼ਨ ਦੇ ਬਿਲਾਂ ਤੱਕ ਪਹੁੰਚ ਗਈ ਹੈ। ਮੁੱਖ ਮੁਲਜ਼ਮ ਨਿਸ਼ੂ ਚੌਧਰੀ ਦੇ ਨਾਮ ਨਾਲ਼ ਜਾਣੇ ਜਾਂਦੇ ਇਸ ਭ੍ਰਿਸ਼ਟਾਚਾਰ ਕੇਸ ਵਿੱਚ ਹੁਣ ਤੱਕ ਦੀ ਜਾਂਚ ਵਿੱਚ 16 ਯੂਨੀਵਰਸਿਟੀ ਕਰਮਚਾਰੀਆਂ ਦੀ ਸ਼ਮੂਲੀਅਤ ਸਾਫ਼ ਹੋ ਚੁੱਕੀ ਹੈ। ਯੂਨੀਵਰਸਿਟੀ ਨੇ ਕਾਰਵਾਈ ਕਰਦਿਆਂ ਦਸ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਹੈ ਅਤੇ ਛੇ ਕੰਟਰੈਕਟ/ਐਡਹਾਕ/ਦਿਹਾੜੀਦਾਰ ਕਰਮਚਾਰੀਆਂ ਨੂੰ ਬਰਖ਼ਾਸਤ ਕੀਤਾ ਗਿਆ ਹੈ। ਇਸ ਕੇਸ ਵਿੱਚ ਹੁਣ ਤੱਕ ਕੁੱਲ 11 ਕਰੋੜ ਰੁਪਏ ਤੋਂ ਵਧੇਰੇ ਦਾ ਘਪਲਾ ਸਾਹਮਣੇ ਆ ਚੁੱਕਾ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਜਾਂਚ ਹਾਲੇ ਵੀ ਜਾਰੀ ਹੈ ਅਤੇ ਜਿਸ ਵੀ ਵਿਅਕਤੀ ਖਿਲਾਫ਼ ਕੋਈ ਵੀ ਸਬੂਤ ਮਿਲਦਾ ਹੈ ਉਸ ਖਿ਼ਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਯੂਨੀਵਰਸਿਟੀ ਦੀ ਆਪਣੀ ਜਾਂਚ ਦੌਰਾਨ ਲੇਖਾ ਸ਼ਾਖਾ ਦੇ ਰਿਕਾਰਡ ਰੂਮ ਵਿਚਲੇ 2013 ਤੱਕ ਦੇ ਪੁਰਾਣੇ ਰਿਕਾਰਡ ਦੀ ਵੀ ਪੁਣ-ਛਾਣ ਕੀਤੀ ਗਈ। ਇਸ ਜਾਂਚ ਦੌਰਾਨ 800 ਦੇ ਕਰੀਬ ਸ਼ੱਕੀ ਬਿੱਲ ਲੱਭੇ ਜਾ ਚੁੱਕੇ ਹਨ ਜੋ ਕਿ 107 ਵੱਖ-ਵੱਖ ਲੋਕਾਂ ਦੇ ਨਾਮ ਉੱਪਰ ਤਿਆਰ ਕੀਤੇ ਗਏ ਸਨ। ਇਨ੍ਹਾਂ 107 ਵਿੱਚੋਂ 40 ਲੋਕਾਂ ਦੀ ਸ਼ਨਾਖਤ ਹੋ ਚੁੱਕੀ ਹੈ। ਸ਼ਨਾਖਤ ਹੋਏ 40 ਵਿਚੋਂ 16 ਜਣੇ ਯੂਨੀਵਰਸਿਟੀ ਦੇ ਮੁਲਾਜ਼ਮ ਸਨ ਜਦੋਂ ਕਿ ਬਾਕੀ 24 ਜਣੇ ਯੂਨੀਵਰਸਿਟੀ ਤੋਂ ਬਾਹਰ ਦੇ ਹਨ। ਕੁੱਲ 107 ਮੁਲਜ਼ਮਾਂ ਵਿੱਚੋਂ ਸ਼ਨਾਖ਼ਤ ਹੋ ਚੁੱਕੇ ਚਾਲ਼ੀ ਵਿਅਕਤੀਆਂ ਤੋਂ ਇਲਾਵਾ 67 ਜਣਿਆਂ ਦੀ ਸ਼ਨਾਖਤ ਹੋਣੀ ਹਾਲੇ ਬਾਕੀ ਹੈ। ਇਸ ਸ਼ਨਾਖਤ ਸੰਬੰਧੀ ਮੁੱਢਲੀ ਜਾਂਚ ਅਨੁਸਾਰ ਇਨ੍ਹਾਂ ਵਿਚੋਂ ਵਧੇਰੇ ਮੁਲ਼ਜ਼ਮ ਯੂਨੀਵਰਸਿਟੀ ਤੋਂ ਬਾਹਰ ਦੇ ਹੋਣ ਦੀ ਸੰਭਾਵਨਾ ਹੈ।
ਜਿ਼ਕਰਯੋਗ ਹੈ ਕਿ ਮਈ 2021 ਵਿੱਚ ਯੂਨੀਵਰਸਿਟੀ ਦੀ ਆਡਿਟ ਅਤੇ ਲੇਖਾ ਸ਼ਾਖਾ ਵੱਲੋਂ ਕੁੱਝ ਖੋਜਾਰਥੀਆਂ ਦੇ ਹਾਜ਼ਰੀ ਅਤੇ ਮਹੀਨਾਵਾਰ ਖਰਚਿਆਂ ਦੇ ਬਿੱਲ ਸ਼ੱਕੀ ਪਾਏ ਗਏ ਸਨ।ਮੁੱਢਲੀ ਪੜਤਾਲ਼ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਜਿਨ੍ਹਾਂ ਦੇ ਨਾਮ ਦੇ ਇਹ ਬਿੱਲ ਸਨ ਉਸ ਨਾਮ ਦਾ ਕੋਈ ਵੀ ਖੋਜਾਰਥੀ ਕਿਸੇ ਵੀ ਵਿਭਾਗ ਵਿੱਚ ਨਹੀਂ ਸੀ।ਜਾਂਚ ਦੇ ਇਸ ਪੱਧਰ ਉੱਪਰ ਤੈਅ ਹੋ ਗਿਆ ਸੀ ਕਿ ਇਹ ਬਿੱਲ ਫਰਜ਼ੀ ਹਨ। ਅਜਿਹੇ ਕੁੱਝ ਬਿੱਲਾਂ ਦੇ ਫਰਜ਼ੀ ਹੋਣ ਨੇ ਇਹ ਸੂਹ ਦੇ ਦਿੱਤੀ ਸੀ ਕਿ ਇਹ ਕੋਈ ਵੱਡਾ ਘਪਲ਼ਾ ਹੋ ਸਕਦਾ ਹੈ ਜਿਸ ਵਿੱਚ ਹੋਰ ਬਹੁਤ ਸਾਰੇ ਅਜਿਹੇ ਫਰਜ਼ੀ ਬਿੱਲਾਂ ਦੀ ਹੋ ਚੁੱਕੀ ਅਦਾਇਗੀ ਬਾਰੇ ਵੀ ਤੱਥ ਸਾਹਮਣੇ ਆ ਸਕਦੇ ਹਨ।
ਇਸ ਮਾਮਲੇ ਨੂੰ ਗੰਭੀਰਤਾ ਨਾਲ਼ ਲੈਂਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵਲੋਂ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਅਤੇ ਕਮੇਟੀ ਨੂੰ ਤੁਰੰਤ ਜਾਂਚ ਕਰ ਕੇ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ।
ਇਸ ਕਮੇਟੀ ਨੇ ਵੱਖ-ਵੱਖ ਪੱਖਾਂ ਤੋਂ ਜਾਂਚ ਕਰਦਿਆਂ ਹੱਥ-ਲਿਖ਼ਤ ਮਾਹਿਰਾਂ ਤੋਂ ਫਰਜ਼ੀ ਬਿਲਾਂ ਉੱਤੇ ਕੀਤੇ ਹਸਤਾਖ਼ਰਾਂ ਨੂੰ ਮੇਲ਼ ਕੇ ਵੇਖਣ ਦੀ ਪ੍ਰਕਿਰਿਆ ਨੂੰ ਇਸ ਜਾਂਚ ਦਾ ਹਿੱਸਾ ਬਣਾਇਆ। ਇਸ ਪ੍ਰਕਿਰਿਆ ਦੌਰਾਨ ਵਿਭਾਗ ਦੇ ਦੋ ਕਰਮਚਾਰੀ ਨਿਸ਼ੂ ਚੌਧਰੀ, ਸੀਨੀਅਰ ਸਹਾਇਕ ਅਤੇ ਜਤਿੰਦਰ, ਸੇਵਾਦਾਰ ਦੀ ਹੱਥ-ਲਿਖ਼ਤ ਇਨ੍ਹਾਂ ਫਰਜ਼ੀ ਬਿੱਲਾਂ ਦੀ ਹੱਥ ਲਿਖ਼ਤ ਨਾਲ ਮੇਲ਼ ਖਾ ਗਈ ਜਿੱਥੋਂ ਇਹ ਸਿੱਧ ਹੋ ਗਿਆ ਕਿ ਇਹ ਫਰਜ਼ੀ ਬਿੱਲ ਇਨ੍ਹਾਂ ਦੋ ਕਰਮਚਾਰੀਆਂ ਵੱਲੋਂ ਹੀ ਤਿਆਰ ਕੀਤੇ ਗਏ ਸਨ।
ਯੂਨੀਵਰਸਿਟੀ ਵੱੱਲੋਂ ਫੌਰੀ ਕਾਰਵਾਈ ਕਰਦੇ ਹੋਏ, ਨਿਸ਼ੂ ਚੌਧਰੀ, ਸੀਨੀਅਰ ਸਹਾਇਕ ਅਤੇ ਰਮਿੰਦਰ ਕੌਰ, ਨਿਗਰਾਨ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਕੇਸ ਜਾਂਚ ਅਫ਼ਸਰ ਨੂੰ ਸੌਂਪ ਦਿੱਤਾ ਗਿਆ ਅਤੇ ਜਤਿੰਦਰ ਸਿੰਘ, ਸੇਵਾਦਾਰ (ਦਿਹਾੜੀਦਾਰ) ਦੀਆਂ ਸੇਵਾਵਾਂ ਪੂਰਨ ਰੂਪ ਵਿੱਚ ਖ਼ਤਮ ਕਰ ਦਿੱਤੀਆਂ ਗਈਆਂ।
ਯੂਨੀਵਰਸਿਟੀ ਵੱਲੋਂ ਇਨ੍ਹਾਂ ਕਰਮਚਾਰੀਆਂ ਅਤੇ ਜਿਨ੍ਹਾਂ ਦੇ ਨਾਮ ਉੱਥੇ ਇਹ ਜਾਅਲ੍ਹੀ ਬਿੱਲ ਤਿਆਰ ਕੀਤੇ ਗਏ ਸਨ, ਵਿਰੁੱਧ ਫੌਜਦਾਰੀ ਕਾਰਵਾਈ ਲਈ ਬਕਾਇਦਗੀ ਸਹਿਤ ਪੁਲਿਸ ਨੂੰ ਸਿ਼ਕਾਇਤ ਦਰਜ ਕਰਵਾ ਦਿੱਤੀ ਗਈ ਜਿਸ ਦੇ ਆਧਾਰ ਉੱਤੇ ਪੁਲਿਸ ਵੱਲੋਂ ਐੱਫ਼ ਆਈ. ਆਰ. ਨੰ 155 ਮਿਤੀ 01.08.2021 ਤਹਿਤ ਪੁਲਿਸ ਸਟੇਸ਼ਨ ਅਰਬਨ ਅਸਟੇਟ ਪਟਿਆਲਾ ਵਿਖੇ ਸਿ਼ਕਾਇਤ ਦਰਜ ਕੀਤੀ ਗਈ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਨਿਸ਼ੂ ਚੌਧਰੀ ਅਤੇ ਜਤਿੰਦਰ ਸਿੰਘ ਅਤੇ ਕੁਝ ਹੋਰ ਯੂਨੀਵਰਸਿਟੀ ਤੋਂ ਬਾਹਰ ਦੇ ਲੋਕ, ਜੋ ਇਸ ਕੇਸ ਵਿੱਚ ਇਨ੍ਹਾਂ ਨਾਲ ਸ਼ਾਮਿਲ ਸਨ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹੁਣ ਇਹ ਸਾਰੇ ਨਿਆਂਇਕ ਹਿਰਾਸਤ ਵਿੱਚ ਹਨ।
ਇਸ ਕੇਸ ਵਿੱਚ ਹੁਣ ਤੱਕ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਯੂਨੀਵਰਸਿਟੀ ਵੱਲੋਂ ਇਸ ਕੇਸ ਵਿੱਚ ਹਾਲੇ ਵੀ ਪੜਤਾਲ ਜਾਰੀ ਰੱਖੀ ਹੋਈ ਜਿਸ ਦੇ ਨਤੀਜੇ ਵਜੋਂ ਕਈ ਅਹਿਮ ਸਿੱਟੇ ਸਾਹਮਣੇ ਆਏ ਹਨ। ਇਸ ਜਾਂਚ ਦੌਰਾਨ ਹੁਣ ਤੱਕ ਇਹ ਇਹ ਤੱਥ ਸਾਹਮਣੇ ਆਏ ਹਨ ਕਿ 107 ਅਲੱਗ-ਅਲੱਗ ਵਿਅਕਤੀਆਂ ਦੇ ਨਾਮ ਉੱਤੇ ਜਾਅਲ੍ਹੀ ਬਿਲ ਤਿਆਰ ਕਰ ਕੇ ਯੂਨੀਵਰਸਿਟੀ ਦੇ ਖਾਤੇ ਵਿੱਚੋਂ ਗਲਤ ਢੰਗ ਨਾਲ ਪੈਸੇ ਕਢਵਾਏ ਗਏ ਹਨ।
ਪ੍ਰੋ. ਅਰਵਿੰਦ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅੱਗੇ ਕਿਹਾ, "ਇਸ ਮਾਮਲੇ ਦੀਆਂ ਤੰਦਾਂ ਖੁੱਲ੍ਹਣ ਨਾਲ ਸਮੁੱਚਾ ਤਾਣਾ ਬੇਪਰਦ ਹੋ ਰਿਹਾ ਹੈ। ਇਸੇ ਮਾਮਲੇ ਵਿੱਚ ਕਈ ਹੋਰ ਪੱਖਾਂ ਦੇ ਉਜਾਗਰ ਹੋਣ ਦੀ ਗੁੰਜਾਇਸ਼ ਹੈ। ਇਹ ਸਮੁੱਚੇ ਇੰਤਜ਼ਾਮ ਦੇ ਨਿਘਾਰ ਦੀ ਨਿਸ਼ਾਨੀ ਹੈ ਅਤੇ ਅਜਿਹੇ ਮਾਮਲੇ ਹੋਰ ਵੀ ਹੋ ਸਕਦੇ ਹਨ।