ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ "ਪੰਜਾਬੀ ਸਮੇਤ ਸਾਰੀਆਂ ਖੇਤਰੀ ਭਾਸ਼ਾਵਾਂ ਲਈ ਇਹ ਖੁਸ਼ਖ਼ਬਰ ਹੈ ਕਿ ਤਕਾਨਲੌਜੀ ਦੇ ਵਿਕਾਸ ਨਾਲ ਜਿਸ ਤਰ੍ਹਾਂ ਮਸ਼ੀਨੀ ਅਨੁਵਾਦ ਹੁਣ ਵਧੇਰੇ ਸਮਰੱਥ ਹੋ ਰਿਹਾ ਹੈ ਤਾਂ ਅੰਗਰੇਜ਼ੀ ਜਿਹੀ ਕਿਸੇ ਇੱਕ ਸੰਪਰਕ ਭਾਸ਼ਾ ਦੀ ਚੌਧਰ ਖੁੱਸ ਸਕਦੀ ਹੈ। ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੰਸੀ) ਦੇ ਪਾਸਾਰ ਨਾਲ ਤਕਨਾਲੌਜੀ ਵਿੱਚ ਝੱਟਪਟ ਅਤੇ ਉੱਚਿਤ ਅਨੁਵਾਦ ਦੀ ਸਮਰਥਾ ਪੈਦਾ ਹੋ ਜਾਣ ਕਾਰਨ ਨੇੜ-ਭਵਿੱਖ ਵਿੱਚ ਇਹ ਸੰਭਾਵਨਾ ਬਣ ਸਕਦੀ ਹੈ ਕਿ ਕਿਸੇ ਵੀ ਭਾਸ਼ਾ ਨੂੰ ਹੋਰ ਭਾਸ਼ਾ ਵਿੱਚ ਤੁਰੰਤ ਉਲਥਾ ਕੇ ਵੇਖਿਆ ਜਾ ਸਕੇਗਾ"
ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਸਤਿਕਾਰਿਤ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਘੇ ਕਵੀ ਸੁਰਜੀਤ ਪਾਤਰ ਵੱਲੋਂ ਪ੍ਰਗਟਾਏ ਗਏ। ਕੌਮਾਂਤਰੀ ਲੇਖਕ ਨਿਕੋਲਸ ਓਸਟਲਰ ਦੀ ਕਿਤਾਬ 'ਲਾਸਟ ਲਿੰਗੂਆ ਫ਼ਰੈਂਕਾ' ਦੇ ਹਵਾਲੇ ਨਾਲ ਅਜਿਹੀ ਪੇਸ਼ੀਨਗੋਈ ਕਰਦਿਆਂ ਸੁਰਜੀਤ ਪਾਤਰ ਨੇ ਕਿਹਾ ਕਿ ਅਜਿਹਾ ਹੋਣਾ ਸਾਰੀਆਂ ਮਾਤ-ਭਾਸ਼ਾਵਾਂ ਲਈ ਇੱਕ ਆਸ ਉਮੀਦ ਵਾਲੀ ਖ਼ਬਰ ਹੈ।
ਪੰਜਾਬੀ ਯੂਨੀਵਰਸਿਟੀ ਪ੍ਰਤੀ ਆਪਣੀ ਭਾਵਨਾਤਮਕ ਸਾਂਝ ਅਤੇ ਇੱਥੋਂ ਪ੍ਰਾਪਤ ਅਨੁਭਵ ਦੇ ਹਵਾਲੇ ਨਾਲ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਹੁਣ ਦੁਬਾਰਾ ਐਮ.ਏ. ਕਰਨ ਦਾ ਮੌਕਾ ਮਿਲੇ ਤਾਂ ਵੀ ਉਹ ਪੰਜਾਬੀ ਯੂਨੀਵਰਸਿਟੀ ਨੂੰ ਹੀ ਚੁਣਨਗੇ।
ਸ਼ਾਹਮੁਖੀ ਅਤੇ ਗੁਰਮੁਖੀ ਲਿਪੀ ਦੇ ਆਪਸ ਵਿੱਚ ਮਸ਼ੀਨੀ ਲਿਪਾਂਤਰਣ ਸੰਬੰਧੀ ਵਿਗਾਸ ਬਾਰੇ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜ ਬਾਰੇ ਵੀ ਉਨ੍ਹਾਂ ਵਿਸ਼ੇਸ਼ ਤੌਰ ਉੱਤੇ ਜਿ਼ਕਰ ਕੀਤਾ। ਨਾਲ਼ ਹੀ ਉਨ੍ਹਾਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਕੁੱਝ ਚੁਣੌਤੀਆਂ ਬਾਰੇ ਵੀ ਆਪਣੇ ਖਦਸ਼ੇ ਜ਼ਾਹਿਰ ਕੀਤੇ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਨਾਲ ਜੁੜ ਕੇ ਬੱਚਿਆਂ ਵਿੱਚ ਸਿਰਜਣਾਤਮਕ ਰੁਚੀਆਂ ਦਾ ਵਿਕਾਸ ਹੁੰਦਾ ਹੈ ਪਰ ਅਸੀਂ ਉਨ੍ਹਾਂ ਤੋਂ ਜ਼ਬਰਦਸਤੀ ਅੰਗਰੇਜ਼ੀ ਬੁਲਵਾ ਕੇ ਉਨ੍ਹਾਂ ਦੀ ਆਪਮੁਹਾਰਤਾ ਨੂੰ ਖੋਹ ਰਹੇ ਹਾਂ। ਮਨੋਵਿਗਿਆਨ ਦੀ ਦ੍ਰਿਸ਼ਟੀ ਤੋਂ ਅਜਿਹਾ ਕਰਨਾ ਜ਼ੁਰਮ ਹੈ।
ਸਤਿਕਾਰਿਤ ਮਹਿਮਾਨ ਵਜੋਂ ਹਾਜ਼ਰ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਉੱਘੇ ਖੇਤੀ ਵਿਗਿਆਨੀ ਡਾ. ਮਨਜੀਤ ਸਿੰਘ ਕੰਗ, ਜੋ ਯੂ.ਐੱਸ.ਏ. ਵਿੱਚ ਵੀ ਇੱਕ ਅਧਿਆਪਕ ਵਜੋਂ ਕਾਰਜਸ਼ੀਲ ਰਹਿ ਚੁੱਕੇ ਹਨ, ਨੇ ਵਿਧੀਵਤ ਤਰੀਕੇ ਨਾਲ ਦਿੱਤੀ ਆਪਣੀ ਭਾਸ਼ਣ-ਪੇਸ਼ਕਾਰੀ ਦੌਰਾਨ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਉੱਤੇ ਚਾਨਣਾ ਪਾਇਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਤੋਂ ਦੂਰ ਬੈਠੇ ਲੋਕਾਂ ਦੇ ਮਨਾਂ ਜਾਂ ਅਕਾਦਮਿਕ ਅਤੇ ਖੋਜ ਹਲਕਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਕੀ ਛਵੀ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਗੌਰਵਮਈ ਇਤਿਹਾਸ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਮੌਜੂਦਾ ਸਮੇਂ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਬਾਬਤ ਸਮਝਾਉਣ ਲਈ ਵੱਖ-ਵੱਖ ਅੰਕੜਿਆਂ ਅਤੇ ਤਸਵੀਰਾਂ ਦਾ ਸਹਾਰਾ ਲਿਆ। ਉਨ੍ਹਾਂ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹੋਣ ਦੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਦਾਖਲਾ ਪੇਪਰਾਂ ਵਿਚਲੀ ਸਮੱਗਰੀ ਦੀ ਚੋਣ ਵਿੱਚ ਤਬਦੀਲੀਆਂ ਕਰਦਿਆਂ ਪੇਂਡੂ ਵਿਦਿਆਰਥੀਆਂ ਦਾ ਅਨੁਪਾਤ ਯੂਨੀਵਰਿਸਟੀ ਵਿੱਚ ਵਧਾਇਆ ਸੀ।
ਵਾਈਸ ਚਾਂਸਲਰ ਪ੍ਰੋ. ਅਰਿਵੰਦ ਵੱਲੋਂ ਇਸ ਮੌਕੇ ਦਿੱਤੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਯੂਨੀਵਰਸਿਟੀਆਂ ਦਾ ਮਕਸਦ ਗਿਆਨ ਪੈਦਾ ਕਰਨਾ ਅਤੇ ਇਸ ਨੂੰ ਆਮ ਲੋਕਾਂ ਵਿੱਚ ਵਰਤਾਉਣਾ ਹੁੰਦਾ ਹੈ। ਉਨ੍ਹਾਂ ਵੱਲੋਂ ਬਾਬਾ ਫਰੀਦ ਵੱਲੋਂ ਰਚੇ ਗਏ ਸਲੋਕਾਂ ਤੋਂ ਲੈ ਕੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਤੱਕ ਦੇ ਕਾਲ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਬੌਧਿਕਤਾ ਅਤੇ ਗਿਆਨ ਦਾ ਵਿਕਾਸ ਹੋਣ ਦੇ ਲਿਹਾਜ਼ ਨਾਲ ਇਸ ਨੂੰ ਅਹਿਮ ਪੜਾਵਾਂ ਵਿੱਚ ਵੇਖਿਆ ਜਾਣਾ ਬਣਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ-ਮੰਤਵ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਜਿੱਥੇ ਆਪਣੀਆਂ ਪ੍ਰਾਪਤੀਆਂ ਬਾਰੇ ਜਿ਼ਕਰ ਕਰਨ ਦੀ ਲੋੜ ਹੈ ਉੱਥੇ ਨਾਲ ਹੀ ਇਹ ਵੀ ਵਾਚਣਾ ਚਾਹੀਦਾ ਹੈ ਕਿ 60 ਸਾਲ ਪੂਰੇ ਹੋਣ ਉੱਤੇ ਵੀ ਜੇ ਕੁੱਝ ਮੰਤਵ ਹਾਲੇ ਪੂਰੇ ਨਹੀਂ ਹੋਏ ਤਾਂ ਕਮੀ ਕਿੱਥੇ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਲਗਾਤਾਰ ਕਾਰਜ ਕਰ ਰਹੀ ਹੈ। ਯੂਨੀਵਰਸਿਟੀ ਵਿਖੇ ਪਿਛਲੇ ਇੱਕ ਸਾਲ ਤੋਂ ਕੀਤੇ ਜਾ ਰਹੇ ਕਾਰਜਾਂ ਦਾ ਵਿਸ਼ੇਸ਼ ਤੌਰ ਉੱਤੇ ਜਿ਼ਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਦੋ ਵਿਸ਼ੇਸ਼ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਕੇਂਦਰ ਪੰਜਾਬ ਦੇ ਚੌਗਿਰਦੇ ਦੀ ਆਪਣੀ ਵਿਸ਼ੇਸ਼ ਕਿਸਮ ਦੀ ਫਿ਼ਤਰਤ ਦੀ ਮੁੜ ਬਹਾਲੀ ਬਾਰੇ ਅਤੇ ਦੂਜਾ ਕੇਂਦਰ ਪੇਂਡੂ ਪੱਧਰ ਉੱਤੇ ਕਾਰੋਬਾਰ ਸਥਾਪਿਤ ਕਰਨ ਲੋੜੀਂਦੇ ਹੁਨਰਾਂ ਦੇ ਵਿਕਾਸ ਸੰਬੰਧੀ ਗਤੀਵਿਧੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਸਮੇਂ ਦੌਰਾਨ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਵੱਖ-ਵੱਖ ਭ੍ਰਿਸ਼ਟ ਕਰਮਚਾਰੀਆਂ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ ਅਤੇ ਬਣਦੀ ਕਰਵਾਈ ਵੀ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਦੀ ਵਿੱਤੀ ਹਾਲਤ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਨੂੰ ਬਚਾਉਣ ਲਈ ਸੁਹਿਰਦ ਹੈ। ਇਸ ਸੰਬੰਧੀ ਲਗਾਤਾਰ ਗੱਲਬਾਤ ਚੱਲ ਰਹੀ ਹੈ ਅਤੇ ਜਲਦੀ ਹੀ ਕੋਈ ਨੀਤੀਗਤ ਫ਼ੈਸਲਾ ਲੈ ਕੇ ਯੂਨੀਵਰਸਿਟੀ ਨੂੰ ਇਸ ਸੰਕਟ ਵਿੱਚੋਂ ਕੱਢੇ ਜਾਣ ਦੀ ਉਮੀਦ ਹੈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਥਾਪਿਤ ਹੋਣ ਸਮੇਂ ਦੇ ਪਹਿਲੇ ਬੈਚ ਦੇ ਵਿਦਿਆਰਥੀ ਅਤੇ ਇੱਥੋਂ ਹੀ ਪ੍ਰੋਫ਼ੈਸਰ ਵਜੋਂ ਸੇਵਾ-ਨਵਿਰਤ ਹੋਏ ਪ੍ਰੋਫ਼ੈਸਰ ਅਤੇ ਗ਼ਜ਼ਲਗੋ ਤਰਲੋਕ ਸਿੰਘ ਆਨੰਦ ਨੂੰ ਅਤੇ ਪੰਜਾਬੀ ਕੋਸ਼ਕਾਰੀ, ਸਿੱਖ-ਚਿੰਤਨ ਅਤੇ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਵਡਮੁੱਲਾ ਕਾਰਜ ਕਰਨ ਵਾਲ਼ੀ ਸ਼ਖ਼ਸੀਅਤ ਡਾ. ਰਤਨ ਸਿੰਘ ਜੱਗੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਨਿਵੇਦਿਤਾ ਸਿੰਘ ਦੀ ਨਿਰਦੇਸ਼ਨਾ ਅਤੇ ਅਗਵਾਈ ਵਿੱਚ ਸੰਗੀਤ ਵਿਭਾਗ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫ਼ੈਕਲਟੀ ਵੱਲੋਂ ਵੱਖ-ਵੱਖ ਸੰਗੀਤਿਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਪੰਜਾਬੀ ਯੂਨੀਵਰਸਿਟੀ ਬਾਰੇ ਤਿਆਰ ਕੀਤੇ ਗਏ ਇੱਕ 'ਉਸਤਤ ਗਾਨ' ਦੀ ਵੀਡੀਓ ਵੀ ਪ੍ਰਦਰਸਿ਼ਤ ਕੀਤੀ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡੀਨ ਅਕਾਦਮਿਕ ਮਾਮਲੇ ਡਾ. ਬੀ.ਐੱਸ. ਸੰਧੂ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਅੰਤ ਵਿੱਚ ਰਜਿਸਟਰਾਰ ਡਾ. ਨਵਜੋਤ ਕੌਰ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ। ਸਵਾਗਤੀ ਭਾਸ਼ਣ ਪ੍ਰੋ. ਗੁਰਮੁਖ ਸਿੰਘ ਵੱਲੋਂ ਦਿੱਤਾ ਗਿਆ। ਮੰਚ ਸੰਚਾਲਨ ਡਾ. ਰਾਜਿੰਦਰਪਾਲ ਸਿੰਘ ਵੱਲੋਂ ਕੀਤਾ ਗਿਆ।