ਪਟਿਆਲਾ : ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਕਾਨੂੰਨ ਵਿਭਾਗ ਦੇ ਤਿੰਨ ਵਿਦਿਆਰਥੀਆਂ ਦੀ ਇੱਕ ਟੀਮ ਵੱਲੋਂ ਚੌਥੀ ਸੁਰਾਨਾ ਐਂਡ ਸੁਰਾਨਾ ਰੈਫਲਜ਼ ਯੂਨੀਵਰਸਿਟੀ ਮੂਟ ਪ੍ਰਤੀਯੋਗਤਾ ਵਿੱਚ ਪਹਿਲੇ ਰਨਰ-ਅਪ ਹੋਣ ਦਾ ਮਾਣ ਪ੍ਰਾਪਤ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਾਨੂੰਨ ਵਿਭਾਗ ਦੇ ਮੁਖੀ ਪ੍ਰੋ. ਮੋਨਿਕਾ ਚਾਵਲਾ ਨੇ ਦੱਸਿਆ ਕਿ ਇਸ ਤਿੰਨ ਮੈਂਬਰੀ ਟੀਮ ਵਿੱਚ ਅਰਕਾਸ਼ ਮਨੀ ਗਰਗ, ਸੁਪਿੰਦਰ ਸਿੰਘ ਅਤੇ ਮੇਵਾ ਸਿੰਘ ਸ਼ਾਮਿਲ ਸਨ ਜਿਨ੍ਹਾਂ ਨੇ ਇਸ ਪ੍ਰਤੀਯੋਗਤਾ ਵਿੱਚ ਪਹਿਲਾ ਰਨਰ-ਅਪ ਬਣ ਕੇ 11000/- ਰੁਪਏ ਦੀ ਇਨਾਮੀ ਰਾਸ਼ੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਵਿਦਿਆਰਥੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਐੱਲ.ਐੱਲ.ਬੀ. ਦੇ ਦੂਜੇ ਸਾਲ ਦੇ ਵਿਦਿਆਰਥੀ ਹਨ।
ਇਸ ਪ੍ਰਤੀਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਚਾਵਲਾ ਨੇ ਦੱਸਿਆ ਕਿ ਇੱਕ ਚੇਨਈ ਅਧਾਰਿਤ ਕਾਨੂੰਨ ਦੀ ਫ਼ਰਮ 'ਸੁਰਾਨਾ ਐਂਡ ਸੁਰਾਨਾ ਇੰਟਰਨੈਸ਼ਨਲ ਅਟੌਰਨੀਜ਼' ਵੱਲੋਂ ਇਹ ਮੁਕਾਬਲਾ ਕਰਵਾਇਆ ਜਾਂਦਾ ਹੈ। ਇਸ ਵਾਰ ਇਹ ਮੁਕਾਬਲਾ ਔਨਲਾਈਨ ਵਿਧੀ ਰਾਹੀਂ ਹੋਇਆ ਸੀ ਜਿਸ ਵਿੱਚ ਦੇਸ ਭਰ ਵਿੱਚੋਂ 40 ਟੀਮਾਂ ਨੇ ਭਾਗ ਲਿਆ।
ਇਸ ਵਾਰ ਦੇ ਮੁਕਾਬਲੇ ਵਿੱਚ ਕ੍ਰਿਸਟ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੀ ਟੀਮ ਪਹਿਲੇ ਸਥਾਨ ਉੱਤੇ, ਪੰਜਾਬੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੀ ਟੀਮ ਦੂਜੇ ਸਥਾਨ ਉੱਤੇ, ਸਿੰਬੀਓਸਿਸ ਯੂਨੀਵਰਸਿਟੀ, ਪੂਨੇ ਦੇ ਸਕੂਲ ਆਫ਼ ਲਾਅ ਦੀ ਟੀਮ ਤੀਜੇ ਸਥਾਨ ਉੱਤੇ ਅਤੇ ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ਦੀ ਟੀਮ ਚੌਥੇ ਸਥਾਨ ਉੱਤੇ ਰਹੀ।
ਪ੍ਰੋ. ਚਾਵਲਾ ਨੇ ਦੱਿਸਆ ਕਿ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਪ੍ਰਾਪਤੀ ਤੋਂ ਇਲਾਵਾ ਵਿਦਿਆਰਥੀ ਅਰਕਾਸ਼ ਮਨੀ ਗਰਗ 'ਤੀਜਾ ਸਰਵੋਤਮ ਵਿਦਿਆਰਥੀ ਵਕੀਲ' (ਥਰਡ ਬੈਸਟ ਸਟੂਡੈਂਟ ਐਡਵੋਕੇਟ) ਟਾਈਟਲ ਜਿੱਤਣ ਵਿੱਚ ਵੀ ਕਾਮਯਾਬ ਰਿਹਾ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸੇ ਤਿੰਨ ਮੈਂਬਰੀ ਵਿਦਿਆਰਥੀ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਾਨੂੰਨ ਫ਼ੈਕਲਟੀ ਵੱਲੋਂ ਆਯੋਜਿਤ ਕਰਵਾਈ ਆਨਲਾਈਨ ਨੈਸ਼ਨਲ ਮੂਟ ਕੋਰਟ ਪ੍ਰਤੀਯੋਗਤਾ ਵਿੱਚ ਵੀ ਜਿੱਤ ਪ੍ਰਾਪਤ ਕਰਦਿਆਂ 11000/- ਰੁਪਏ ਦੀ ਇਨਾਮੀ ਰਾਸ਼ੀ ਹਾਸਿਲ ਕੀਤੀ ਸੀ। ਇਸ ਤੋਂ ਇਲਾਵਾ ਅਰਕਾਸ਼ ਮਨੀ ਗਰਗ 'ਦੂਜਾ ਵਿਅਕਤੀਗਤ ਸਰਵੋਤਮ ਬੁਲਾਰਾ ਟਾਈਟਲ' ਜਿੱਤ ਕੇ 2000/- ਰੁਪਏ ਦੀ ਇਨਾਮੀ ਰਾਸ਼ੀ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ ਸੀ।