ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਵਿਸ਼ਵ ਪ੍ਰਸਿੱਧ ਚਿੰਤਕ ਕਾਰਲ ਮਾਰਕਸ ਦੇ ਜਨਮਦਿਨ ਮੌਕੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਦਾ ਵਿਸ਼ਾ ‘ਚਿੰਤਨ ਪਰੰਪਰਾਵਾਂ ਵਿਚ ਮਾਰਕਸਵਾਦ ਦੀ ਮਹੱਤਤਾ ਅਤੇ ਯੋਗਦਾਨ’ ਸੀ। ਇਸ ਮੌਕੇ ਡਾ. ਕੁਲਦੀਪ ਸਿੰਘ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।
ਡਾ. ਕੁਲਦੀਪ ਸਿੰਘ ਨੇ ਕਾਰਲ ਮਾਰਕਸ ਦੇ ਜੀਵਨ ਅਤੇ ਚਿੰਤਨ ਦੇ ਖੇਤਰ ਵਿਚ ਪਾਏ ਯੋਗਦਾਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੂੰਜੀਵਾਦ ਦੇ ਦੌਰ ਵਿਚ ਕਾਰਲ ਮਾਰਕਸ ਦਾ ਸਿਧਾਂਤ ਵੱਖ-ਵੱਖ ਸਮਾਜਾਂ ਦੀਆਂ ਸਥਾਨਕ ਵੱਖਰਤਾਵਾਂ ਸਮੇਤ ਸਮਾਜਾਂ ਨੂੰ ਸਮਝਣ ਦੇ ਸਭ ਤੋਂ ਕਾਰਗਰ ਸੰਦ ਮਹੱਈਆ ਕਰਵਾਉਂਦਾ ਹੈ। ਮਾਰਕਸ ਦੇ ਸਿਧਾਂਤ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਦੁਨੀਆਂ ਵਿਚੋਂ ਨਾ ਬਰਾਬਰੀ ਖਤਮ ਨਹੀਂ ਹੋ ਜਾਂਦੀ ਇਸ ਸਿਧਾਂਤ ਦੀ ਸਾਰਥਕਤਾ ਬਣੀ ਰਹੇਗੀ।
ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਬਾਵਾ ਸਿੰਘ, ਸਾਬਕਾ ਵਾਈਸ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਵੱਲੋਂ ਕੀਤੀ ਗਈ। ਪ੍ਰੋ. ਬਾਵਾ ਸਿੰਘ ਨੇ ਵਿਦਿਆਰਥੀਆਂ ਖੋਜਾਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੂੰਜੀਵਾਦੀ ਵਿਵਸਥਾ ਨੂੰ ਸਮਝਣ ਤੇ ਟਾਕਰਾ ਦੇਣ ਲਈ ਮਾਰਕਸ ਦੇ ਵਿਚਾਰਾਂ ਦਾ ਅਧਿਐਨ ਕਰਨਾ ਬਹੁਤ ਮਹੱਤਵਪੂਰਨ ਹੈ।
ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਵੱਲੋਂ ਸਮਾਗਮ ਵਿਚ ਆਏ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋ. ਡਾ. ਰਜਿੰਦਰਪਾਲ ਸਿੰਘ ਬਰਾੜ, ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਿਸਟੀ ਪਟਿਆਲਾ ਵੱਲੋਂ ਸਮਾਗਮ ਵਿਚ ਸ਼ਾਮਲ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਸਮਾਗਮ ਵਿਚ ਵਿਭਾਗ ਦੇ ਅਧਿਆਪਕ ਡਾ. ਗੁਰਜੰਟ ਸਿੰਘ, ਡਾ. ਰਾਜਵਿੰਦਰ ਸਿੰਘ ਤੇ ਡਾ. ਰਾਜਮੋਹਿੰਦਰ ਕੌਰ ਹਾਜ਼ਰ ਰਹੇ। ਇਸ ਤੋਂ ਇਲਾਵਾ ਖੋਜਾਰਥੀਆਂ ਤੇ ਵਿਦਿਆਰਥੀਆਂ ਨੇ ਵੀ ਸਵਾਲਾਂ ਦੇ ਰੂਪ ਵਿਚ ਭਰਵੀਂ ਸ਼ਮੂਲੀਅਤ ਕੀਤੀ