ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਕੁੱਤਿਆਂ ਨੂੰ ਤਿੰਨ ਤਹਿ ਥਾਵਾਂ ਉੱਤੇ ਹੀ ਖਾਣ ਨੂੰ ਦਿੱਤਾ ਜਾ ਸਕਦਾ ਹੈ। ਇਨ੍ਹਾਂ ਥਾਵਾਂ ਤੋਂ ਬਿਨਾਂ ਜੇ ਕੋਈ ਅਵਾਰਾ ਕੁੱਤਿਆਂ ਨੂੰ ਖਾਣ ਲਈ ਪਾਵੇਗਾ ਤਾਂ ਉਸਨੂੰ 2000/-ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਜੇ ਕੋਈ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਮਾਰੇਗਾ ਤਾਂ ਉਸਨੂੰ ਵੀ 2000/-ਰੁਪਏ ਜੁਰਮਾਨਾ ਕੀਤਾ ਜਾਵੇਗਾ। ਪੰਜਾਬੀ ਯੂਨੀਵਰਸਿਟੀ ਨੇ ਇਹ ਫੈਸਲੇ ਕਈ ਮਹੀਨਿਆਂ ਦੀ ਬਹਿਸ ਤੋਂ ਬਾਅਦ ਕੀਤੇ ਹਨ। ਅਵਾਰਾ ਕੁੱਤਿਆਂ ਦੇ ਵੱਢਣ ਦੇ ਕਈ ਮਾਮਲੇ ਯੂਨਵਰਸਿਟੀ ਵਿਚ ਸਾਹਮਣੇ ਆਏ ਸਨ ਤਾਂ ਇਨ੍ਹਾਂ ਉੱਤੇ ਕਾਬੂ ਪਾਉਣ ਦੀ ਮੰਗ ਉਠੀ ਸੀ ਦੂਜੇ ਪਾਸੇ ਜਾਨਵਰ ਪ੍ਰੇਮੀਆਂ ਦੀ ਦਲੀਲ ਸੀ ਕਿ ਕੁੱਤੇ ਇਨਸਾਨ ਦੇ ਜ਼ੁਲਮ ਦਾ ਸ਼ਿਕਾਰ ਹਨ ਜਿਸ ਕਾਰਨ ਇਹ ਮੁੱਦਾ ਸੰਜੀਦਗੀ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਕੁੱਤਿਆਂ ਦੇ ਜੀਵਨ ਦੇ ਹੱਕ ਦੀ ਰਾਖੀ ਹੋਣੀ ਚਾਹੀਦੀ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਇਸ ਮੁੱਦੇ ਉੱਤੇ ਇੱਕ ਕਮੇਟੀ ਬਣਾਈ ਗਈ ਸੀ ਜਿਸਨੇ ਵੱਖ-ਵੱਖ ਅਦਾਰਿਆਂ ਵਿਚ ਇਸ ਮੁੱਦੇ ਉੱਤੇ ਬਣਾਇਆ ਗਈਆਂ ਨੀਤੀਆਂ ਦਾ ਅਧਿਐਨ ਕੀਤਾ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਅਵਾਰਾ ਕੁੱਤਿਆਂ ਦੀ ਮਾਰ ਤੋਂ ਬਚਣ ਅਤੇ ਜਾਨਵਰ ਪ੍ਰੇਮੀਆਂ ਦੇ ਸਰੋਕਾਰਾਂ ਵਿਚਕਾਰ ਤਵਾਜਨ ਕਾਇਮ ਕਰਨ ਦਾ ਬਿਹਤਰ ਤਰੀਕਾ ਕੀ ਹੋ ਸਕਦਾ ਹੈ?
ਅਵਾਰਾ ਕੁੱਤਿਆਂ ਨੂੰ ਖਾਣਾ ਖਿਲਾਉਣ ਲਈ ਤਿੰਨ ਥਾਵਾਂ ਨਿਯਤ ਕੀਤੀਆਂ ਗਈਆਂ ਹਨ ਪਹਿਲੀ ਥਾਂ ਹਾਰਟੀਕਲਚਰ ਵਿਭਾਗ ਕੋਲ ਕਾਰਨਰ ਸਫੈਦਿਆਂ ਵਾਲੀ ਜਗ੍ਹਾ ਦੇ ਨਜ਼ਦੀਕ, ਦੂਜੀ ਥਾਂ ਯੂਕੋ ਵਰਕਸ਼ਾਪ ਦੇ ਪਿਛਲੇ ਪਾਸੇ ਬਾਉਂਡਰੀ ਵਾਲ ਦੇ ਨਾਲ ਤੀਜੀ ਥਾਂ ਯੂਨੀਵਰਸਿਟੀ ਧੋਬੀ ਘਾਟ ਦੇ ਨੇੜੇ (ਜੋ ਰਿਹਾਇਸ਼ੀ ਏਰੀਏ ਤੋਂ ਦੂਰ ਹੈ)।ਪੰਜਾਬੀ ਯੂਨੀਵਰਸਿਟੀ ਦੀ ਰਜਿਸਟਰਾਰ ਡਾ.ਨਵਜੋਤ ਕੌਰ ਦਾ ਇਸ ਬਾਰੇ ਕਹਿਣਾ ਹੈ ਕਿ ਇਹ ਯੂਨੀਵਰਸਿਟੀ ਚੁਗਿਰਦੇ ਅਤੇ ਜਾਨਵਰਾਂ ਬਾਰੇ ਸੰਜੀਦਗੀ ਨਾਲ ਸੋਚਦੀ ਹੈ ।ਮੌਜੂਦਾ ਫੈਸਲਾ ਇਸੇ ਸਮਝ ਨਾਲ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਸਮੇਤ ਆਮ ਲੋਕਾਂ ਨੂੰ ਅਵਾਰਾ ਕੁੱਤਿਆਂ ਤੋਂ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ ਅਤੇ ਜਾਨਵਰ ਪ੍ਰੇਮੀਆਂ ਦੇ ਸਰੋਕਾਰਾਂ ਦਾ ਸਤਿਕਾਰ ਕੀਤਾ ਜਾ ਸਕੇ।ਉਨ੍ਹਾਂ ਅੱਗੇ ਕਿਹਾ, (ਇਸ ਇਤਜਾਮ ਨੂੰ ਕੁੱਝ ਦਿਨ ਦੇਖਣ ਤੋਂ ਬਾਅਦ ਜੇ ਜ਼ਰੂਰਤ ਮਹਿਸੂਸ ਹੋਈ ਤਾਂ ਥਾਵਾਂ ਦੀ ਗਿਣਤੀ ਬਾਰੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ।