ਪਟਿਆਲਾ : 'ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪਰਵਰਿਸ਼ ਦੌਰਾਨ ਮਾਵਾਂ ਨੂੰ ਦਰਪੇਸ਼ ਚੁਣੌਤੀਆਂ' ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ ਵਿੱਚ ਵੱਖ-ਵੱਖ ਬੁਲਾਰਿਆਂ ਦੇ ਵਿਚਾਰਾਂ ਨਾਲ ਅਜਿਹਾ ਇਕਮਿਕਤਾ ਵਾਲਾ ਮਾਹੌਲ ਬੱਝਿਆ ਕਿ ਮੰਚ ਦੇ ਉੱਤੇ ਅਤੇ ਸਾਹਮਣੇ ਬੈਠੀਆਂ ਵੱਖ-ਵੱਖ ਅਹੁਦਿਆਂ ਉੱਤੇ ਪੁੱਜੀਆਂ ਔਰਤਾਂ ਵਿੱਚੋਂ ਕੁੱਝ ਸਮੇਂ ਲਈ ਉਨ੍ਹਾਂ ਦਾ ਅਹੁਦਾ ਬਾਹਰ ਹੋ ਗਿਆ। ਡਿਪਟੀ ਕਮਿਸ਼ਨਟਰ ਸਾਕਸ਼ੀ ਸਾਹਨੀ ਸਮੇਤ ਇਹ ਸਭ ਔਰਤਾਂ ਕੁੱਝ ਸਮੇਂ ਲਈ ਸਿਰਫ਼ ਮਾਵਾਂ ਹੀ ਬਣ ਗਈਆਂ ਨਜ਼ਰ ਆਈਆਂ।
ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਸ਼ਕਤੀਕਰਣ ਹਿਤ ਪਿਛਲੇ ਸਾਲ ਸਥਾਪਿਤ ਕੀਤੇ ਗਏ ਕੇਂਦਰ 'ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼' ਵੱਲੋਂ ਸਮਾਜ ਵਿਗਿਆਨ ਵਿਭਾਗ ਅਤੇ ਐੱਨ. ਐੱਸ. ਐੱਸ. ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਵੱਲੋਂ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਗਈ।
'ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼' ਦੇ ਕੋਆਡੀਨੇਟਰ ਡਾ. ਕਿਰਨ, ਜੋ ਕਿ ਖੁਦ ਵੇਖਣ ਤੋਂ ਅਸਰਮਰੱਥ ਹੋਣ ਦੇ ਬਾਵਜੂਦ, ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਿੱਚ ਸਹਾਇਕ ਪ੍ਰੋਫ਼ੈਸਰ ਹਨ, ਵੱਲੋਂ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਅਜਿਹੇ ਬੱਚਿਆਂ ਦੀ ਪਰਿਵਰਿਸ਼ ਵਿੱਚ ਮਾਵਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਨੂੰ ਪਛਾਣਨ ਅਤੇ ਸਨਮਾਨਣ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਬਹੁਤ ਸਾਰੀਆਂ ਮਾਵਾਂ ਦਾ ਸਨਮਾਨ ਵੀ ਕੀਤਾ ਗਿਆ ਹੈ।
ਆਪਣਾ ਮੁੱਖ-ਸੁਰ ਭਾਸ਼ਣ ਦਿੰਦਿਆਂ ਅਕਾਲ ਕਾਲਜ ਆਫ਼ ਐਜੂਕੇਸ਼ਨ ਤੋਂ ਪ੍ਰਿੰਸੀਪਲ ਡਾ. ਸੁਖਦੀਪ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ, "ਵਿਸ਼ੇਸ਼ ਲੋੜਾਂ ਵਾਲ਼ਾ ਬੱਚਾ ਪੈਦਾ ਹੋ ਜਾਣ ਉੱਤੇ ਉਸ ਦੀ ਸਾਰੀ ਪਰਵਰਿਸ਼ ਦੀ ਜਿ਼ੰਮੇਵਾਰੀ ਸਿਰਫ਼ ਮਾਂ ਦੀ ਨਹੀਂ ਹੋਣੀ ਚਾਹੀਦੀ ਬਲਕਿ ਪਰਿਵਾਰ ਅਤੇ ਚੌਗਿਰਦੇ ਨੂੰ ਵੀ ਇਸ ਕਾਰਜ ਵਿੱਚ ਸਾਥ ਦੇਣਾ ਚਾਹੀਦਾ ਹੈ। ਅਸੀਂ ਜੋ ਮਾਵਾਂ ਅਜਿਹੀ ਪਰਿਵਰਿਸ਼ ਵਿੱਚ ਮਸ਼ਰੂਫ ਹਾਂ ਸਾਨੂੰ 'ਸੁਪਰ-ਮਾਂ' ਜਿਹੇ ਕਿਸੇ ਖਿਤਾਬ ਦੀ ਜ਼ਰੂਰਤ ਨਹੀਂ ਸਗੋਂ ਪਰਿਵਾਰ ਅਤੇ ਸਮਾਜ ਦੇ ਸਹਿਯੋਗ ਦੀ ਲੋੜ ਹੈ।"
ਡਾ. ਸੁਖਦੀਪ ਕੌਰ ਦੀ ਆਪਣੀ ਬੇਟੀ 'ਆੱਟਿਜ਼ਮ' ਰੋਗ ਤੋਂ ਪੀੜਿਤ ਹੋਣ ਕਾਰਨ ਆਮ ਬੱਚਿਆਂ ਵਾਂਗ ਨਹੀਂ ਵਧੀ ਵਿਗਸੀ ਬਲਕਿ ਉਸ ਦੀਆਂ ਵਿਸ਼ੇਸ਼ ਲੋੜਾਂ ਸਨ। ਇਸ ਬਾਰੇ ਅਨੁਭਵ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ :
"ਜਦੋਂ ਪਤਾ ਲੱਗਿਆ ਸੀ ਕਿ ਮੇਰੇ ਘਰ ਪੈਦਾ ਹੋਈ ਮੇਰੀ ਬੇਟੀ ਆਮ ਬੱਚਿਆਂ ਵਰਗੀ ਨਹੀਂ ਤਾਂ ਇੱਕ ਦਮ ਤਾਂ ਜਿਵੇਂ ਭੂਚਾਲ ਆ ਗਿਆ ਸੀ। ਫਿਰ ਸੋਚਿਆ ਕਿ ਜੇ ਕੁਦਰਤ ਨੇ ਮੈਨੂੰ ਇਸ ਮਕਸਦ ਲਈ ਚੁਣਿਆ ਹੈ ਤਾਂ ਇਸ ਵਿੱਚ ਵੀ ਕੋਈ ਰਾਜ਼ ਹੋਵੇਗਾ। ਮੈਂ ਉਸ ਨੂੰ ਸਵੀਕਾਰ ਕੀਤਾ ਅਤੇ ਉਸ ਵਿਚਲੀਆਂ ਵਿਸ਼ੇਸ਼ ਤਾਕਤਾਂ ਨੂੰ ਪਛਾਣਿਆ। ਉਸ ਜਿਹੇ ਹੋਰਨਾਂ ਬੱਚਿਆਂ ਦੀ ਪਰਵਰਿਸ਼ ਲਈ ਵੀ ਇੱਕ ਸੰਸਥਾ ਦੇ ਰੂਪ ਵਿੱਚ ਕਾਰਜ ਕਰਨਾ ਸ਼ੁਰੂ ਕੀਤਾ।"
ਸੰਗਰੂਰ ਵਿੱਚ ਚਲਦੀ ਆਪਣੀ ਸੰਸਥਾ ਬਾਰੇ ਅਨੁਭਵ ਸਾਂਝੇ ਕਰਦਿਆਂ ਡਾ. ਸੁਖਦੀਪ ਕੌਰ ਨੇ ਕਿਹਾ ਕਿ ਸਾਨੂੰ ਵਲੰਟੀਅਰਾਂ ਦੀ ਤਾਂ ਲੋੜ ਰਹਿੰਦੀ ਹੈ ਪਰ ਉਹ ਵਲੰਟੀਅਰ ਕੁੱਝ ਵਿਹਾਰਕ ਗੱਲਾਂ, ਜਿਵੇਂ ਛੋਟੇ ਸਮੂਹ ਵਿੱਚ ਜਿ਼ਆਦਾ ਦਿਨ ਰਹਿ ਕੇ ਕੰਮ ਕਰਨ ਸਕਣ, ਦੀ ਪਾਲਣਾ ਕਰ ਕੇ ਹੀ ਆਉਣ ਤਾਂ ਬਿਹਤਰ ਹੈ। ਸਿਰਫ਼ ਵਿਖਾਵੇ ਲਈ ਆਉਣ ਵਾਲਿਆਂ ਨੂੰ ਤਾੜਨਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਬੱਚੇ ਕੋਈ ਚਿੜੀਆਘਰ ਦੇ ਜਾਨਵਰ ਨਹੀਂ ਕਿ ਜਿਨ੍ਹਾਂ ਨੂੰ ਸਿਰਫ਼ ਵੇਖਣ-ਵਾਚਣ ਲਈ ਹੀ ਆਇਆ ਜਾਵੇ!
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਹਰੇਕ ਬੱਚਾ ਵੱਖਰੀਆਂ ਲੋੜਾਂ ਅਤੇ ਵੱਖਰੀ ਤਾਕਤ ਨਾਲ਼ ਜਨਮ ਲੈਂਦਾ ਹੈ। ਸਾਨੂੰ ਹਰੇਕ ਬੱਚੇ ਦੀ ਵਿਸ਼ੇਸ਼ ਤਾਕਤ ਨੂੰ ਪਛਾਨਣ ਦੀ ਲੋੜ ਹੁੰਦੀ ਹੈ। ਉਨ੍ਹਾਂ ਆਪਣੇ ਬਾਰੇ ਦੱਸਿਆ ਕਿ ਗਣਿਤ ਵਿਸ਼ੇ ਵਿੱਚ ਉਹ ਬਹੁਤ ਕਮਜ਼ੋਰ ਸਨ ਪਰ ਉਨ੍ਹਾਂ ਦੇ ਮਾਪਿਆਂ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਅਜਿਹੇ ਹੌਸਲੇ ਨੇ ਹੀ ਉਨ੍ਹਾਂ ਨੂੰ ਬਾਕੀ ਹੋਰਨਾਂ ਵਿਸਿ਼ਆਂ ਵਿੱਚ ਆਪਣਾ ਪ੍ਰਦਰਸ਼ਨ ਬਿਹਤਰ ਕਰਨ ਲਈ ਯੋਗ ਬਣਾਇਆ। ਜੇਕਰ ਸਿਰਫ਼ ਗਣਿਤ ਵਿਸ਼ੇ ਦੀ ਕਮਜ਼ੋਰੀ ਦਾ ਗੁਣਗਾਨ ਕਰ ਕੇ ਉਸ ਦੀ ਬਾਕੀ ਪ੍ਰਤਿਭਾ ਅਤੇ ਸਮਰਥਾ ਨੂੰ ਦਬਾ ਦਿੱਤਾ ਜਾਂਦਾ ਤਾਂ ਉਹ ਡਿਪਟੀ ਕਮਿਸ਼ਨਰ ਦੇ ਅਹੁਦੇ ਤੱਕ ਨਾ ਪਹੁੰਚ ਸਕਦੀ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਬੋਲਦਿਆਂ ਕਿਹਾ ਕਿ ਕਿਸੇ ਨਾ ਕਿਸੇ ਲਿਹਾਜ਼ ਨਾਲ਼ ਅਸੀਂ ਸਭ ਹੀ ਵਿਸ਼ੇਸ਼ ਲੋੜਾਂ ਵਾਲੇ ਅਤੇ ਵਿਸ਼ੇਸ਼ ਸੀਮਾਵਾਂ ਵਾਲ਼ੇ ਲੋਕ ਹੁੰਦੇ ਹਾਂ। ਇਹ ਗੱਲ ਵੱਖਰੀ ਹੈ ਕਿ ਅਜਿਹੇ ਬੱਚਿਆਂ ਦੀ ਡਿਸੇਬਿਲਿਟੀ ਵਿਖਾਈ ਦੇ ਜਾਂਦੀ ਹੈ ਅਤੇ ਸਾਡੀ ਛੁਪੀ ਰਹਿ ਜਾਂਦੀ ਹੈ। ਸਮਾਜ ਵਿੱਚ ਅੱਧਿਆਂ ਤੋਂ ਵੱਧ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੂੰ ਚੰਗੇ ਸੰਗੀਤ ਨੂੰ ਸੁਣਨ, ਸਮਝਣ ਅਤੇ ਮਾਣਨ ਦੀ ਬਿਲਕੁਲ ਵੀ ਸੂਝ ਨਹੀਂ। ਇਹ ਉਨ੍ਹਾਂ ਦੀ ਸੀਮਾ ਹੈ ਪਰ ਫਿਰ ਵੀ ਉਹ ਸਮਾਜ ਵਿੱਚ ਮਾਣ-ਸਨਮਾਨ ਨਾਲ ਰਹਿਣ ਦੇ ਆਪਣੇ ਹੱਕ ਤੋਂ ਵਾਂਝੇ ਨਹੀਂ। ਅਜਿਹਾ ਹੀ ਮਾਮਲਾ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦਾ ਵੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮਾਜ ਵਿੱਚ ਸਾਰੇ ਲੋਕਾਂ ਨੂੰ ਸਤਿਕਾਰ ਸਹਿਤ ਰਹਿਣ-ਜਿਉਣ ਦਾ ਮਾਹੌਲ ਹਾਸਿਲ ਹੋਵੇ ਉਸ ਸਮਾਜ ਨੂੰ ਹੀ ਅਗਾਂਹ-ਵਧੂ ਸਮਾਜ ਕਿਹਾ ਜਾ ਸਕਦਾ ਹੈ। ਯੂਨੀਵਰਸਿਟੀ ਪੱਧਰ ਉੱਤੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੀ ਯੂਨੀਵਰਸਿਟੀ ਵੱਲੋਂ 'ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼' ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਦੀ ਸਿੱਖਿਆ ਤੱਕ ਡਿਜੀਟਲ ਪਹੁੰਚ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀ ਤਕਨੀਕ ਦਾ ਵਿਕਾਸ ਕਰਨ ਲਈ ਵੀ ਕਾਰਜ ਕੀਤਾ ਜਾ ਰਿਹਾ ਹੈ। ਤਕਨੀਕ ਦੇ ਇਸ ਮਕਸਦ ਲਈ ਇੱਕ ਵੱਖਰਾ ਕੇਂਦਰ ਸਥਾਪਿਤ ਹੈ।
ਪ੍ਰੋਗਰਾਮ ਦਾ ਸੰਚਾਲਨ ਐੱਨ.ਐੱਸ.ਐੱਸ. ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਵੱਲੋਂ ਕੀਤਾ ਗਿਆ ਅਤੇ ਧੰਨਵਾਦੀ ਸ਼ਬਦ ਡਾ. ਦੀਪਕ ਕੁਮਾਰ ਵੱਲੋਂ ਬੋਲੇ ਗਏ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਯਸ਼ਪਾਲ ਸ਼ਰਮਾ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।