ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ਼ ਚੰਡੀਗੜ੍ਹ ਵਿਖੇ ਇੱਕ ਰਸਮੀ ਮੁਲਾਕਾਤ ਕੀਤੀ ਗਈ।
ਇਸ ਮੁਲਾਕਾਤ ਦੇ ਵੇਰਵੇ ਸਾਂਝੇ ਕਰਦਿਆਂ ਪ੍ਰੋ. ਅਰਵਿੰਦ ਨੇ ਦੱਸਿਆ ਕਿ ਉਨ੍ਹਾਂ ਚਾਂਸਲਰ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬੀ ਯੂਨੀਵਰਸਿਟੀ ਦੀ ਮੌਜੂਦਾ ਹਾਲਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਹੈ। ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਅਤੇ ਨਿਰੰਤਰ ਸਰਗਰਮੀਆਂ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਮੌਜੂਦਾ ਵਿੱਤੀ ਸੰਕਟ ਦੇ ਬਾਵਜੂਦ ਯੂਨੀਵਰਸਿਟੀ ਵਿਚਲੇ ਅਧਿਆਪਨ ਅਤੇ ਖੋਜ ਦੇ ਕਾਰਜਾਂ ਨੂੰ ਜਾਰੀ ਰੱਖਣ ਅਤੇ ਇਸ ਸਭ ਦਾ ਮਿਆਰੀ ਪੱਧਰ ਬਣਾਈ ਰੱਖਣ ਲਈ ਯੂਨੀਵਰਸਿਟੀ ਵੱਲੋਂ ਆਪਣੇ ਪੱਧਰ ਉੱਤੇ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਯੂਨੀਵਰਸਿਟੀ ਨੂੰ ਜਾਰੀ ਹੋਣ ਵਾਲ਼ੀ ਗਰਾਂਟ ਸੰਬੰਧੀ ਸਰਕਾਰ ਨਾਲ ਚੱਲ ਰਹੀ ਗੱਲਬਾਤ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਪ੍ਰੋ. ਅਰਵਿੰਦ ਨੇ ਦੱਸਿਆ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਾਰੀ ਗੱਲਬਾਤ ਨੂੰ ਧਿਆਨ ਪੂਰਵਕ ਸੁਣਿਆ ਗਿਆ। ਅਜਿਹੇ ਸਭ ਉਪਰਾਲਿਆਂ, ਪਹਿਲਕਦਮੀਆਂ ਅਤੇ ਸਰਗਰਮੀਆਂ ਬਾਰੇ ਸੁਣ ਕੇ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਬਾਰੇ ਪੂਰੀ ਤਰ੍ਹਾਂ ਸੰਤੁਸ਼ਟੀ ਜ਼ਾਹਿਰ ਕੀਤੀ ਗਈ। ਰਾਜਪਾਲ ਵੱਲੋਂ ਭਰੋਸਾ ਦਿਵਾਇਆ ਗਿਆ ਉਹ ਯੂਨੀਵਰਸਿਟੀ ਲਈ ਆਪਣੇ ਵੱਲੋਂ ਬਣਦੀ ਹਰ ਸੰਭਵ ਮਦਦ ਕਰਨਗੇ।
ਇਸ ਮੌਕੇ ਪ੍ਰੋ. ਅਰਵਿੰਦ ਵੱਲੋਂ ਉਨ੍ਹਾਂ ਨੂੰ ਪੁਸਤਕਾਂ ਦਾ ਇੱਕ ਸੈੱਟ ਵੀ ਭੇਂਟ ਕੀਤਾ ਗਿਆ ਅਤੇ ਪਿਛਲੇ ਦਿਨਾਂ ਵਿੱਚ ਹੋਈ 39ਵੀਂ ਕਾਨਵੋਕੇਸ਼ਨ, ਜਿਸ ਵਿੱਚ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਖੁਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ, ਦੀਆਂ ਤਸਵੀਰਾਂ ਦੀਆਂ ਐਲਬਮਾਂ ਵੀ ਰਿਕਾਰਡ ਹਿਤ ਭੇਂਟ ਕੀਤੀਆਂ ਗਈਆਂ।