ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾਸ੍ਰ. ਸੋਭਾ ਸਿੰਘ ਫਾਈਨ ਆਰਟਸ ਵਿਭਾਗ ਅਤੇ ਅਜਾਇਬ ਘਰ ਅਤੇ ਕਲਾ ਗੈਲਰੀ ਵੱਲੋਂ ਪੰਜ ਸਾਲਾ ਇੰਟੀਗਰੇਟਿਡ ਕੋਰਸ ਅਤੇ ਐਮ. ਏ. ਦੇ ਵਿਦਿਆਰਥੀਆਂ ਲਈ ਸਾਂਝੇ ਤੌਰ ਉੱਤੇ 'ਵੈਲਿਊ ਐਡਡ ਕੋਰਸ ਫ਼ਾਰ ਸਕਿੱਲ ਡਿਵੈਲਪਮੈਂਟ ਇਨ ਫ਼ਾਈਨ ਆਰਟਸ' ਤਹਿਤ ਇਕ ਪੰਜ ਰੋਜ਼ਾ ਪ੍ਰੋਗਰਾਮ ਮਿਤੀ 23-05-2022 ਤੋਂ 27-05-2022 ਤੱਕ ਕਰਵਾਇਆ ਜਾ ਰਿਹਾ ਹੈ।
ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ ਗਿਆ।
ਇਸ ਮੌਕੇ ਹੋਏ ਪ੍ਰੋਗਰਾਮ ਵਿੱਚ ਸ੍ਰ. ਸੋਭਾ ਸਿੰਘ ਫਾਈਨ ਆਰਟਸ ਵਿਭਾਗ ਦੇ ਮੁਖੀ ਅਤੇ ਇੰਚਾਰਜ, ਅਜਾਇਬ ਘਰ ਅਤੇ ਕਲਾ ਗੈਲਰੀ ਡਾ. ਕਵਿਤਾ ਸਿੰਘ ਨੇ ਕਲਾਕਾਰ ਅਤੇ ਹਾਜ਼ਰ ਯੂਨੀਵਰਸਿਟੀ ਦੀਆਂ ਸ਼ਖਸੀਅਤਾਂ, ਜਿਨ੍ਹਾਂ ਵਿੱਚ ਪ੍ਰੋ. ਨਵਜੋਤ ਕੌਰ, ਰਜਿਸਟਰਾਰ, ਪ੍ਰੋ. ਰਵਿੰਦਰ ਸ਼ਰਮਾ, ਚੰਡੀਗੜ੍ਹ, ਵਾਈਸ ਚੇਅਰਮੈਨ, ਚੰਡੀਗੜ੍ਹ ਲਲਿਤ ਕਲਾ ਅਕਾਦਮੀ ਆਦਿ ਸ਼ਾਮਿਲ ਸਨ, ਦਾ ਸਵਾਗਤ ਕੀਤਾ ।
ਪ੍ਰੋਗਰਾਮ ਦੀ ਮਹੱਤਤਾ ਦੱਸਦਿਆਂ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਵਿਭਾਗ ਵਲੋਂ ਪਹਿਲੀ ਵਾਰ ਵਿਦਿਆਰਥੀਆਂ ਦੇ ਅਕਾਦਮਿਕ, ਕਲਾਤਮਿਕ ਅਤੇ ਕਿਰਿਆਤਮਕ ਭਵਿੱਖ ਨੂੰ ਧਿਆਨ ਵਿੱਚ ਰਖਦਿਆਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ, ਪ੍ਰੋ. ਰਵਿੰਦਰ ਸ਼ਰਮਾ, ਸ਼੍ਰੀਮਤੀ ਦਲਜੀਤ ਕੌਰ ਸੰਧੂ, ਮੋਹਾਲੀ (ਕਾਰਟੂਨਿਸਟ, ਹਿੰਦੁਸਤਾਨ ਟਾਇਮਜ਼ ਅਖ਼ਬਾਰ) ਅਤੇ ਸ੍ਰੀਮਤੀ ਜਸਕੰਵਲ ਕੌਰ, ਚੰਡੀਗੜ੍ਹ (ਮਸ਼ਹੂਰ ਸਮਕਾਲੀ ਕਲਾਕਾਰ) ਕਲਾ ਵਿਸ਼ੇਸ਼ਗਾਂ, ਕਲਾ ਮਾਹਿਰਾਂ ਨੂੰ ਬੁਲਾਇਆ ਜਾ ਰਿਹਾ ਹੈ, ਜੋ ਵਿਭਾਗ ਵਿਖੇ ਆ ਕੇ ਵਿਦਿਆਰਥੀਆਂ ਨੂੰ ਕਲਾ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਗੇ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਕਲਾਤਮਿਕਤਾ ਦੇ ਖੇਤਰ ਵਿਚ ਭਵਿੱਖੀ ਗਿਆਨ ਤਾਂ ਪ੍ਰਾਪਤ ਹੋਵੇਗਾ, ਨਾਲ ਹੀ ਜਿਨ੍ਹਾਂ ਵਿਦਿਆਰਥੀਆਂ ਲਈ ਫਾਈਨ ਆਰਟਸ ਦਾ ਵਿਸ਼ਾ ਇਕ ਨਵੀਨ ਵਿਸ਼ਾ ਹੈ, ਉਹ ਵੀ ਵਿਸ਼ੇ ਬਾਰੇ ਉਤਸਾਹਿਤ ਹੋਣਗੇ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਮਕਸਦ ਕੇਵਲ ਅਕਾਦਮਿਕ ਭਵਿੱਖ ਬਾਰੇ ਕੇਵਲ ਨੌਕਰੀ ਲਈ ਸੁਚੇਤ ਕਰਨਾ ਹੀ ਨਹੀਂ, ਸਗੋਂ ਕਲਾਕ੍ਰਿਤਾਂ ਰਾਹੀਂ ਸਮਾਜ ਵਿਚ ਆਪਣੀ ਇਕ ਵਿਸ਼ੇਸ਼ ਥਾਂ ਬਣਾਉਣਾ ਵੀ ਹੈ।
ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਦੌਰਾਨ ਮਾਨਯੋਗ ਵਾਈਸ-ਚਾਂਸਲਰ ਸਾਹਿਬ ਨੇ ਵਿਦਿਆਰਥੀਆਂ ਆਸ਼ੀਰਵਾਦ ਦਿੰਦਿਆ ਦੱਸਿਆ ਕਿ, ਵਿਦਿਆਰਥੀਆਂ ਨੂੰ ਇਕ ਕਲਾਕਾਰ ਹੋਣ ਲਈ ਕਲਾ ਦੇ ਗਹਿਰੇ ਮਿਆਰ ਨੂੰ ਜਾਣਨਾ ਲਾਜ਼ਮੀ ਹੈ, ਵਿਦਿਆਰਥੀ ਨੂੰ ਇਕ ਕਲਾਕਾਰ ਹੋਣ ਲਈ ਆਪਣੀ ਸੋਚ ਅਤੇ ਮਨੋਭਾਵਾਂ ਨੂੰ ਫੈਲਾਉਣ ਦੀ ਜਾਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਭ ਲਈ ਉਲੀਕਿਆ ਗਿਆ ਪ੍ਰੋਗਰਾਮ ਵਿਦਿਆਰਥੀਆਂ ਦੇ ਕਲਾਤਮਿਕ ਅਤੇ ਨਿੱਜੀ ਜੀਵਨ ਲਈ ਕਾਫੀ ਸਹਾਈ ਸਿੱਧ ਹੋਵੇਗਾ।
ਰਜਿਸਟਰਾਰ ਪ੍ਰੋ. ਨਵਜੋਤ ਕੌਰ ਵੀ ਵੀ ਵਿਸ਼ੇਸ਼ ਤੌਰ ਉੱਤੇ ਹਾਜਰ ਰਹੇ। ਉਨ੍ਹਾਂ ਕੋਰਸ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਵਿਸ਼ੇ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਸਮੁੱਚੇ ਵਿਭਾਗ ਨੂੰ ਇਸ ਉਪਰਾਲੇ ਪ੍ਰਤੀ ਵਧਾਈ ਦਿੱਤੀ।
ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਅੰਬਾਲਿਕਾ ਸੂਦ ਜੈਕਬ ਨੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਸਮੂਹ ਵਿਦਿਆਰਥੀ ਹੁੰਮ-ਹੁਮਾ ਕੇ ਹਿੱਸਾ ਲੈਣ ਅਤੇ ਆਉਣ ਵਾਲੇ ਕਲਾਕਾਰਾਂ ਤੋਂ ਕਲਾ ਪ੍ਰਤੀ ਨਵੀਆਂ ਲੀਹਾਂ ਸਿੱਖਣ, ਜੋ ਉਨ੍ਹਾਂ ਦੇ ਅਕਾਦਮਿਕ ਭਵਿੱਖ ਲਈ ਬਹੁਤ ਹੀ ਲਾਹੇਵੰਦ ਹੋਵੇਗਾ।