ਬਰਨਾਲਾ : ਭਾਸ਼ਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਥਾਨਕ ਐੱਸ.ਡੀ ਕਾਲਜ ਆਫ ਐਜੂਕੇਸ਼ਨ ਵਿਖੇ ਕਹਾਣੀ ਦਰਬਾਰ ਕਰਵਾਇਆ ਗਿਆ। ਐੱਸ.ਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਕਹਾਣੀ ਦਰਬਾਰ 'ਚ ਚੋਣਵੇਂ ਕਹਾਣੀਕਾਰਾਂ ਵੱਲੋਂ ਕਹਾਣੀਆਂ ਪੜ੍ਹੀਆਂ ਗਈਆਂ ਅਤੇ ਵਿਦਵਾਨ ਸਾਹਿਤਕਾਰਾਂ ਵੱਲੋਂ ਪੜ੍ਹੀਆਂ ਕਹਾਣੀਆਂ ਦੀ ਸਮੀਖਿਆ ਕੀਤੀ ਗਈ।
ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫਸਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਨੇ ਦੱਸਿਆ ਕਿ ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਐੱਸ.ਡੀ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਦੀ ਪ੍ਰਧਾਨਗੀ ਹੇਠ ਕਰਵਾਏ ਕਹਾਣੀ ਦਰਬਾਰ 'ਚ ਨਵੇਂ ਅਤੇ ਪੁਰਾਣੇ ਚਾਰ ਕਹਾਣੀਕਾਰਾਂ ਵੱਲੋਂ ਕਹਾਣੀਆਂ ਪੜ੍ਹੀਆਂ ਗਈਆਂ।ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨ ਨਾਲ ਕੀਤੀ ਗਈ।ਜ਼ਿਲ੍ਹਾ ਭਾਸ਼ਾ ਅਫਸਰ ਵੱਲੋਂ ਪਹੁੰਚੀਆਂ ਸਖੀਸ਼ਅਤਾਂ ਨੂੰ ਜੀ ਆਇਆਂ ਕਹਿੰਦਿਆਂ ਕਹਾਣੀ ਦਰਬਾਰ ਕਰਵਾਉਣ ਦੇ ਮਨੋਰਥ ਬਾਰੇ ਵਿਸਥਾਰ 'ਚ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਿੰਸੀਪਲ ਡਾ.ਰਮਾ ਸ਼ਰਮਾ ਅਤੇ ਪ੍ਰਿੰਸੀਪਲ ਡਾ.ਤਪਨ ਕੁਮਾਰ ਸਾਹੂ ਨੇ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਉਹਨਾਂ ਦੇ ਕਾਲਜਾਂ ਦੇ ਵਿਦਿਆਰਥੀਆਂ ਲਈ ਇਹ ਸਮਾਗਮ ਨਾ ਕੇਵਲ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਸਗੋਂ ਉਹਨਾਂ ਦੇ ਪਾਠਕ੍ਰਮ ਦਾ ਗਿਆਨ ਵਧਾਉਣ ਲਈ ਵੀ ਵਰਦਾਨ ਸਿੱਧ ਹੋਵੇਗਾ। ਕਹਾਣੀ ਦਰਬਾਰ 'ਚ ਦਰਸ਼ਨ ਸਿੰਘ ਗੁਰੂ ਵੱਲੋਂ ਆਪਣੀ ਕਹਾਣੀ 'ਜੰਮਣ ਭੋਇੰ',ਪਵਨ ਪਰਿੰਦਾ ਵੱਲੋਂ ਕਹਾਣੀ 'ਫਸਟ ਕਰਾਈ', ਹਰੀਸ਼ ਵੱਲੋਂ ਕਹਾਣੀ 'ਧਰਤੀ ਹੋਰ ਪਰ੍ਹੇ' ਅਤੇ ਕੁਲਵਿੰਦਰ ਕੌਸ਼ਲ ਵੱਲੋਂ ਕਹਾਣੀ 'ਜਦੋਂ ਬੰਦਾ ਪਾਗਲ ਨਹੀਂ ਹੁੰਦਾ' ਪੜ੍ਹੀਆਂ ਗਈਆਂ।ਵਿਦਵਾਨ ਲੇਖਕਾਂ ਡਾ.ਜੋਗਿੰਦਰ ਸਿੰਘ ਨਿਰਾਲਾ,ਭੋਲਾ ਸਿੰਘ ਸੰਘੇੜਾ,ਤੇਜਾ ਸਿੰਘ ਤਿਲਕ ਅਤੇ ਕੰਵਰਜੀਤ ਸਿੰਘ ਭੱਠਲ ਵੱਲੋਂ ਕਹਾਣੀਆਂ ਦੀ ਸਮੀਖਿਆ ਕੀਤੀ ਗਈ। ਡਾ.ਤਰਸਪਾਲ ਕੌਰ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਗਈ।ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਵਿਭਾਗੀ ਪੁਸਤਕਾਂ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰਦਰਸ਼ਨੀ ਦੇ ਸੰਚਾਲਕ ਜਗਦੇਵ ਸਿੰਘ ਜੂਨੀਅਰ ਸਹਾਇਕ ਭਾਸ਼ਾ ਵਿਭਾਗ ਨੇ ਦੱਸਿਆ ਕਿ ਪੁਸਤਕ ਪ੍ਰਦਰਸ਼ਨੀ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਲਈ ਖਿੱਚ ਦਾ ਕੇਂਦਰ ਰਹੀ।ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਪ੍ਰਦਰਸ਼ਨੀ ਤੋਂ ਪੁਸਤਕਾਂ ਦੀ ਖੂਬ ਖਰੀਦਦਾਰੀ ਕੀਤੀ ਗਈ। ਸਮਾਗਮ 'ਚ ਸਾਹਿਤਕਾਰ ਰਾਮ ਸਰੂਪ ਸ਼ਰਮਾ ਅਤੇ ਲਛਮਣ ਦਾਸ ਮੁਸਾਫਿਰ ਸਮੇਤ ਐੱਸ.ਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰੋ.ਬਲਵਿੰਦਰ ਕੁਮਾਰ ਬਿੱਟੂ,ਪ੍ਰੋ.ਸ਼ੋਏਬ ਜ਼ਫਰ,ਪੋ੍.ਗੁਰਪ੍ਰਵੇਸ਼,ਪ੍ਰੋ.ਲਖਵੀਰ ਸਿੰਘ ਚੀਮਾ,ਪ੍ਰੋ.ਅਮਨਦੀਪ ਕੌਰ,ਅੰਮ੍ਰਿਤਪਾਲ ਸਿੰਘ,ਪ੍ਰੋ. ਹਰਪਾਲ ਕੌਰ, ਵਾਈਸ ਪ੍ਰਿੰਸੀਪਲ ਬਰਿੰਦਰ ਕੌਰ, ਡਾ.ਜਸਲੀਨ ਕੌਰ ਸਮੇਤ ਸਮਾਜ ਤੇ ਪੱਤਰਕਾਰੀ ਵਿਭਾਗ ਦੀ ਟੀਮ,ਐੱਸ.ਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ।