ਬਰਨਾਲਾ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਹੋਈ 10ਵੀਂ ਡਰੈਗਨ ਬੋਟ ਰੇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਅਤੇ ਕਾਂਸੇ ਦਾ ਤਗਮਾ ਜਿੱਤਣ ਵਾਲੀ ਟੀਮ ਦੀ ਖਿਡਾਰਨ ਤੇ ਜ਼ਿਲਾ ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਦੀ ਜੰਮਪਲ ਤੇ ਸਰਕਾਰੀ ਹਾਈ ਸਕੂਲ ਵਜੀਦਕੇ ਖੁਰਦ ਦੀ ਵਿਦਿਆਰਥਣ ਰਹੀ ਸੰਦੀਪ ਕੌਰ ਨੇ ਆਪਣੇ ਪਿੰਡ ਤੇ ਜ਼ਿਲੇ ਦਾ ਨਾਮ ਕੌਮੀ ਪੱਧਰ ’ਤੇ ਚਮਕਾਇਆ ਹੈ।
ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਹੈਡਮਾਸਟਰ ਜਸਵਿੰਦਰ ਸਿੰਘ ਵੱਲੋਂ ਇਸ ਵਿਸ਼ੇਸ਼ ਪ੍ਰਾਪਤੀ ਲਈ ਸੰਦੀਪ ਕੌਰ ਨੂੰ ਸਕੂਲ ’ਚ ਸਨਮਾਨਿਤ ਕੀਤਾ ਗਿਆ। ਡੀਈਓ ਤੂਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿੱਖਿਆ ਵਿਭਾਗ ਬਰਨਾਲਾ ਹਰ ਪੱਖ ਤੋਂ ਵਿਦਿਆਰਥੀਆਂ ਨੂੰ ਖੇਡਾਂ ਲਈ ਸਹਾਇਤਾ ਤੇ ਸੇਧ ਦੇਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਵਜੀਦਕੇ ਸਕੂਲ ਦੀ ਵਿਦਿਆਰਥਣ ਰਹੀ ਸੰਦੀਪ ਕੌਰ ਸਾਡੇ ਸਕੂਲਾਂ ਦੇ ਹੋਰ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਹੈ।
ਇਸ ਮੌਕੇ ਸੰਦੀਪ ਕੌਰ ਨੇ ਕਿਹਾ ਕਿ ਉਸ ਦੇ ਪਿਤਾ ਨਿਰਭੈ ਸਿੰਘ ਪੇਸ਼ੇ ਵਜੋਂ ਟੈਕਸੀ ਡਰਾਈਵਰ ਹਨ ਤੇ ਮਾਤਾ ਦਲਜੀਤ ਕੌਰ ਘਰੇਲੂ ਔਰਤ ਹੈ। ਉਨਾਂ ਕਿਹਾ ਕਿ ਉਸ ਦੀ ਬਚਪਨ ਤੋਂ ਹੀ ਖੇਡਾਂ ਵਿੱਚ ਦਿਲਚਸਪੀ ਰਹੀ ਹੈ। ਉਸ ਦੇ ਮਾਤਾ ਪਿਤਾ ਤੇ ਸਕੂਲ ਅਧਿਆਪਕਾਂ ਨੇ ਉਸ ਦੀ ਅੱਗੇ ਵਧਣ ਵਿਚ ਬੇਹੱਦ ਮਦਦ ਕੀਤੀ। ਸੰਦੀਪ ਕੌਰ ਨੇ ਕਿਹਾ ਕਿ ਪਹਿਲਾਂ ਉਨਾਂ ਦੀ ਟੀਮ ਨੇ ਚੰਡੀਗੜ ’ਚ ਹੋਏ ਇੰਟਰਵਰਸਟੀ ਮੁਕਾਬਲਿਆਂ ਵਿੱਚ 2 ਸੋਨ ਤਗਮੇ ਪ੍ਰਾਪਤ ਕੀਤੇ ਸਨ ਅਤੇ ਉਸ ਤੋਂ ਬਾਅਦ ਭੋਪਾਲ ਵਿਖੇ ਹੋਈ ਕੌਮੀ ਚੈਂਪੀਅਨਸ਼ਿਪ ਵਿੱਚ ਸੋਨੇ ਅਤੇ ਕਾਂਸੇ ਦਾ ਤਮਗਾ ਜਿੱਤਿਆ। ਹੁਣ ਉਨਾਂ ਦਾ ਟੀਚਾ ਕੈਨੇਡਾ ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਝੋਲੀ ਸੋਨ ਤਗਮਾ ਪਾਉਣ ਦਾ ਹੈ।
ਇਸ ਮੌਕੇ ਪਿ੍ਰੰਸੀਪਲ ਰਾਕੇਸ਼ ਕੁਮਾਰ, ਡੀ.ਐਮ. ਕਮਲਦੀਪ, ਸਤੀਸ਼ ਜੈਦਕਾ, ਜ਼ਿਲਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਤੇ ਸਮੂਹ ਸਟਾਫ ਹਾਜ਼ਰ ਸੀ।