ਬਰਨਾਲਾ : ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਤੇ ਧਰਤੀ ਦੀ ਸਿਹਤ ਦੀ ਸੰਭਾਲ ਲਈ ਝੋੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਬਲਾਕ ਮਹਿਲ ਕਲਾਂ ਦੇ ਪਿੰਡ ਗੰਗੋਹਰ ਪੁੱਜੇ ਅਤੇ ਕਿਸਾਨਾਂ ਨਾਲ ਟਰੈਕਟਰ ’ਤੇ ਬੈਠ ਕੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ।
ਇਸ ਮੌਕੇ ਉਨਾਂ ਹੋਰ ਕਿਸਾਨਾਂ ਵੱਲੋਂ ਕੀਤੀ ਸਿੱਧੀ ਬਿਜਾਈ ਦੇ ਖੇਤਾਂ ਦਾ ਨਿਰੀਖਣ ਕੀਤਾ ਤੇ ਕਿਸਾਨਾਂ ਨੂੰ ਝੋੋਨੋ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਧਰਤੀ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ, ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਥੱਲੇ ਜਾ ਚੁੱਕਾ ਹੈ, ਉਹਨਾ ਕਿਹਾ ਕਿ ਕਿਸਾਨ ਝੋੋਨੇ ਦੀ ਸਿੱਧੀ ਬਿਜਾਈ ਕਰਨ ਕਿਉਂਕਿ ਝੋਨੇ ਦੀ ਸਿੱਧੀ ਬਿਜਾਈ ਦੇ ਕੱਦੂ ਕਰਕੇ ਲਾਏ ਝੋਨੇ ਨਾਲੋਂ ਬਹੁਤ ਫਾਇਦੇ ਹਨ ਜਿਵੇਂ ਕਿ ਪਾਣੀ ਦੀ ਬੱਚਤ, ਭੂਮੀਗਤ ਪਾਣੀ ਦਾ ਜ਼ਿਆਦਾ ਰੀਚਾਰਜ, ਘੱਟ ਬਿਮਾਰੀਆਂ, ਪਰਾਲੀ ਪ੍ਰਬੰਧਨ ਸੌਖਾ ਤੇ ਕਣਕ ਦਾ ਝਾੜ ਵੱਧ ਮਿਲਦਾ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਬੀਰ ਚੰਦ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਕਿਹਾ ਕਿ ਜ਼ਿਲੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਪੱਧਰ ’ਤੇ ਕਿਸਾਨ ਸਿਖਲਾਈ ਕੈਂਪ ਲਗਾ ਕੇ, ਪਿਛਲੇ ਸਾਲਾਂ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਦੇ ਸਫਲ ਤਜਰਬੇ ਕਰਨ ਵਾਲੇ ਕਿਸਾਨਾਂ ਦੀਆਂ ਵੀਡੀਓ ਦਿਖਾ ਕੇ, ਸਫਲ ਕਿਸਾਨਾਂ ਨਾਲ ਕਿਸਾਨਾਂ ਨੂੰ ਰੂਬਰੂ ਕਰਵਾ ਕੇ, ਨੁੱਕੜ ਮੀਟਿੰਗਾਂ ਕਰਕੇ, ਅਨਾਊਸਮੈਂਟ ਆਦਿ ਰਾਂਹੀ ਜਾਗਰੁਕ ਕਰਕੇ ਝੋਨੇ ਦੀ ਸਿੱਧੀ ਬਿਜਾਈ ਹੇਠ ਵੱਧ ਤੋਂ ਵੱਧ ਰਕਬਾ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਗਗਨਦੀਪ ਸਿੰਘ ਜ਼ਿਲਾ ਮਾਲ ਅਫਸਰ ਨੇ ਵੀ ਝੋਨੇ ਦੀ ਸਿੱਧੀ ਬਿਜਾਈ ਦਾ ਨਿਰੀਖਣ ਕੀਤਾ।
ਡਾ. ਜਰਨੈਲ ਸਿੰਘ ਬਲਾਕ ਖੇਤੀਬਾੜੀ ਅਫਸਰ ਮਹਿਲ ਕਲਾਂ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਸਮੇਂ ਫਸਲ ਦੀ ਕਟਾਈ ਤੋੋਂ ਬਾਅਦ ਖੇਤ ਖਾਲੀ ਹਨ, ਇਸ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਟੈਸਟ ਕਰਵਾ ਲੈਣੀ ਚਾਹੀਦੀ ਹੈ ਤਾਂ ਜੋੋ ਖੇਤ ਵਿੱਚ ਖਾਦਾਂ ਦੀ ਵਰਤੋੋਂ ਜਰੂਰਤ ਅਨੁਸਾਰ ਹੀ ਕੀਤੀ ਜਾ ਸਕੇ।
ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਮਹਿਲ ਕਲਾਂ ਦੀ ਟੀਮ ਸਨਵਿੰਦਰਪਾਲ ਸਿੰਘ ਬੀਟੀਐਮ, ਹਰਪਾਲ ਸਿੰਘ ਏਐਸਆਈ, ਕੁਲਵੀਰ ਸਿੰਘ, ਮਹਿੰਦਰ ਕੌਰ ਤੇ ਜਸਵਿੰਦਰ ਸਿੰਘ ਏ ਟੀ ਐਮ ਹਾਜ਼ਰ ਸਨ। ਕਿਸਾਨਾਂ ਵਿੱਚ ਬਲਬੀਰ ਸਿੰਘ, ਬਾਰਾ ਸਿੰਘ, ਰਣਵੀਰ ਸਿੰਘ, ਸਰਬਜੀਤ ਸਿੰਘ, ਅਮਰਜੀਤ ਸਿੰਘ ਆਦਿ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦਾ ਪ੍ਰਣ ਲਿਆ ਗਿਆ।