ਬਰਨਾਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ, ਜਿਸ ਵਿੱਚ ਬਰਨਾਲਾ ਜ਼ਿਲ੍ਹੇ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਪੁੱਤਰ ਜਗਮੋਹਨ ਸਿੰਘ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀ ਮਨਪ੍ਰੀਤ ਸਿੰਘ ਪਿੰਡ ਗੁੰਮਟੀ ਦਾ ਰਹਿਣ ਵਾਲਾ ਹੈ ਅਤੇ ਆਪਣੇ ਹੀ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਹੈ। ਮਨਪ੍ਰੀਤ ਦੇ ਅੱਠਵੀਂ ਕਲਾਸ ਵਿੱਚੋਂ 600 ਵਿੱਚੋਂ 600 ਨੰਬਰ ਹਾਸਲ ਕੀਤੇ ਹਨ।
ਮਨਪ੍ਰੀਤ ਦੀ ਮਾਤਾ ਕਿਰਨਜੀਤ ਨੇ ਦੱਸਿਆ ਕਿ ਉਸਨੂੰ ਆਪਣੇ ਪੁੱਤ ਦੇ ਪੰਜਾਬ ਭਰ ਵਿੱਚੋਂ ਪਹਿਲੇ ਨੰਬਰ 'ਤੇ ਆਉਣ ਦੀ ਬੇਹੱਦ ਖੁਸ਼ੀ ਹੈ। ਉਹਨਾਂ ਦੱਸਿਆ ਕਿ ਮਨਪ੍ਰੀਤ ਦੇ ਪਿਤਾ ਦੀ 2014 ਵਿੱਚ ਮੌਤ ਹੋ ਗਈ ਸੀ। ਉਹ ਛੋਟੇ ਕਿਰਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਖ਼ੁਦ ਕੱਪੜੇ ਸਿਲਾਈ ਦਾ ਕੰਮ ਕਰਦੀ ਹੈ। ਪਰਿਵਾਰ ਵਿੱਚ ਮਨਪ੍ਰੀਤ ਦਾ ਇੱਕ ਹੋਰ ਵੱਡਾ ਭਰਾ ਅਰਸ਼ਦੀਪ ਸਿੰਘ ਹੈ।
ਮਨਪ੍ਰੀਤ ਨੇ ਦੱਸਿਆ ਕਿ ਉਹ ਆਈਏਐਸ ਬਨਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਸਨੂੰ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਸਕੂਲ ਦੇ ਸਾਰੇ ਅਧਿਆਪਕਾਂ ਦਾ ਪੂਰਾ ਸਾਥ ਰਿਹਾ ਹੈ। ਸਕੂਲ ਇੰਚਾਰਜ ਦਰਸ਼ਨ ਸਿੰਘ ਤੋਂ ਲੈ ਕੇ ਹਰ ਵਿਸ਼ੇ ਦੇ ਅਧਿਆਪਕਾਂ ਨੇ ਪੜ੍ਹਾਈ ਵਿੱਚ ਹਰ ਮਦਦ ਕੀਤੀ ਹੈ। ਉਸਨੇ ਆਪਣੀ ਇਸ ਪ੍ਰਾਪਤੀ ਲਈ ਆਪਣੇ ਪਰਿਵਾਰ ਅਤੇ ਸਕੂਲ ਅਧਿਆਪਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ.ਸਰਬਜੀਤ ਸਿੰਘ ਤੂਰ ਨੇ ਵਿਦਿਆਰਥੀ ਮਨਪ੍ਰੀਤ ਸਿੰਘ, ਉਸਦੇ ਪਰਿਵਾਰ ਅਤੇ ਉਸਦੇ ਸਕੂਲ ਦੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੇ। ਇਸ ਮੌਕੇ ਸਿੱਖਿਆ ਵਿਭਾਗ ਦੀ ਟੀਮ ਨੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਦਾ ਮੂੰਹ ਮਿੱਠਾ ਕਰਵਾਇਆ।
ਬਾਕਸ ਲਈ ਪ੍ਰਸਤਾਵਿਤ
ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀ, ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਹਰੀਸ਼ ਨਈਅਰ ਨੇ ਕਿਹਾ ਕਿ ਮਨਪ੍ਰੀਤ ਸਿੰਘ ਨੇ ਅੱਠਵੀਂ ਦੇ ਨਤੀਜਿਆਂ ਵਿੱਚੋਂ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਪਿੰਡ, ਸਕੂਲ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਮਨਪ੍ਰੀਤ, ਉਸ ਦੇ ਮਾਪਿਆਂ, ਅਧਿਆਪਕਾਂ ਤੇ ਸਿੱਖਿਆ ਵਿਭਾਗ ਬਰਨਾਲਾ ਨੂੰ ਵਧਾਈ ਦਿੱਤੀ।