ਬਰਨਾਲਾ : ਸਮੁੱਚੇ ਵਿਸ਼ਵ 'ਚ ਮਨਾਏ ਗਏ ਕੌਮਾਂਤਰੀ ਵਿਸ਼ਵ ਵਾਤਾਵਰਨ ਦਿਵਸ ਮੌਕੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ੍ਰੀ ਹਰੀਸ਼ ਨਈਅਰ ਆਈ.ਏ.ਐਁਸ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀਆਂ ਦੇ ਸਵੀਪ ਕਲੱਬਾਂ ਵੱਲੋਂ ਵਾਤਾਵਰਨ ਦੀ ਸੰਭਾਲ ਦਾ ਹੋਕਾ ਦਿੱਤਾ ਗਿਆ।ਸਰਕਾਰੀ ਸਕੂਲਾਂ ਦੇ ਸਵੀਪ ਕਲੱੱਬ ਦੇ ਮੈਂਬਰ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸੂਬੇ ਦੇ ਮੁੱਖ ਚੋਣ ਅਫਸਰ ਵੱਲੋਂ ਲੋਕਤੰਤਰ ਦੀ ਮਜਬੂਤੀ ਲਈ ਵੋਟ ਅਧਿਕਾਰ ਦੇ ਇਸਤੇਮਾਲ ਦੇ ਨਾਲ ਨਾਲ ਵਾਤਾਵਰਨ ਦੀ ਸੰਭਾਲ ਲਈ ਕਰਵਾਏ ਆਨਲਾਈਨ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕੀਤੀ ਗਈ।
ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫਸਰ ਕਮ ਜ਼ਿਲ੍ਹਾ ਨੋਡਲ ਅਫਸਰ ਸਵੀਪ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਸਵੀਪ ਕਲੱਬਾਂ ਵੱਲੋਂ ਜਿੱਥੇ ਵੋਟਰ ਜਾਗਰੂਕਤਾ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਵਿਸ਼ਵ ਵਾਤਾਵਰਨ ਦਿਵਸ ਮੌਕੇ ਵਾਤਾਵਰਨ ਦੀ ਸੰਭਾਲ ਦੀਆਂ ਗਤੀਵਿਧੀਆਂ ਵੀ ਕੀਤੀਆਂ ਗਈਆਂ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ,ਸਰਕਾਰੀ ਹਾਈ ਸਕੂਲ ਨਾਈਵਾਲਾ,ਸਰਕਾਰੀ ਹਾਈ ਸਕੂਲ ਤਾਜੋਕੇ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਹਲਾ,ਸਰਕਾਰੀ ਮਿਡਲ ਸਕੂਲ ਚੁਹਾਣਕੇ ਕਲਾਂ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਅਤੇ ਸਰਕਾਰੀ ਹਾਈ ਸਕੂਲ ਵਜੀਦਕੇ ਖੁਰਦ ਸਮੇਤ ਬਹੁਤ ਸਾਰੇ ਸਕੂਲਾਂ ਦੇ ਮੁਖੀਆਂ ਅਤੇ ਨੋਡਲ ਇੰਚਾਰਜਾਂ ਨੇ ਦੱਸਿਆ ਕਿ ਵਾਤਾਵਰਨ ਦਿਵਸ ਮੌਕੇ ਸਵੀਪ ਕਲੱਬ ਮੈਂਬਰ ਵਿਦਿਅਰਥੀਆਂ ਵੱਲੋਂ ਚਾਰਟ ਬਣਾਉਣ,ਭਾਸ਼ਣ ਮੁਕਾਬਲਿਆਂ,ਕੁਇਜ ਮੁਕਾਬਲਿਆਂ ਅਤੇ ਸਕਿੱਟਾਂ ਜਰੀਏ ਵਾਤਾਵਰਨ ਦੇ ਮੁੱਖ ਅੰਗਾਂ ਪਾਣੀ,ਹਵਾ ਅਤੇ ਧਰਤੀ ਦੀ ਸ਼ੁੱਧਤਾ ਦਾ ਹੋਕਾ ਦੇਣ ਦੇ ਨਾਲ ਨਾਲ ਰੁੱਖ ਵੀ ਲਗਾਏ ਗਏ।ਵਿਦਿਆਰਥੀਆਂ ਨੇ ਵਾਤਵਾਰਨ ਸੰਭਾਲ ਗਤੀਵਿਧੀਆਂ ਦੌਰਾਨ ਦੱਸਿਆ ਕਿ ਜੀਵਨ ਦੀ ਹੋਂਦ ਵਾਤਾਵਰਨ ਦੀ ਸੰਭਾਲ 'ਤੇ ਹੀ ਨਿਰਭਰ ਹੈ।ਸਿਹਤਮੰਦ ਜੀਵਨ ਲਈ ਪਾਣੀ,ਹਵਾ ਅਤੇ ਧਰਤੀ ਦੀ ਸ਼ੁੱਧਤਾ ਬੇਹੱਦ ਜਰੂਰੀ ਹੈ।ਵਿਦਿਅਰਥੀਆਂ ਵੱਲੋਂ ਪ੍ਰਦੂਸ਼ਣ ਅਤੇ ਵਿਸ਼ਵ ਪੱਧਰੀ ਤਾਪਮਾਨ 'ਚ ਹੋ ਰਹੇ ਇਜ਼ਾਫੇ ਦੇ ਜਨ ਜੀਵਨ 'ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਵੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।ਮਨਪਾਲ ਸਿੰਘ ਐੱਲ.ਏ. ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਜ਼ਿਲ੍ਹਾ ਭਾਸ਼ਾ ਦਫਤਰ ਨੇ ਵੀ ਵਾਤਾਵਰਨ ਦੀ ਸ਼ੁੱਧਤਾ ਅਤੇ ਤਾਪਮਾਨ ਦੇ ਨਿਯੰਤਰਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਹਨਾਂ ਦੀ ਸੰਭਾਲ ਦੀ ਗੱਲ ਕਹੀ।