ਬਰਨਾਲਾ : ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲਾ ਚੋਣ ਅਫਸਰ ਡਾ. ਹਰੀਸ਼ ਨਈਅਰ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਾਏ ਜਾ ਰਹੇ ਸਮਰ ਕੈਂਪਾਂ ਦੌਰਾਨ ਵੋਟ ਅਧਿਕਾਰ ਦੇ ਇਸਤੇਮਾਲ ਦਾ ਹੋਕਾ ਦਿੱਤਾ ਜਾ ਰਿਹਾ ਹੈ।
ਜ਼ਿਲਾ ਸਿੱਖਿਆ ਅਫਸਰ ਕਮ ਜ਼ਿਲਾ ਨੋਡਲ ਅਫਸਰ ਸਵੀਪ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਦੇ ਸਮੂਹ ਸਰਕਾਰੀ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਸਕੂਲ ਮੁਖੀਆਂ ਵੱਲੋਂ ਸਮੂਹ ਸਟਾਫ ਦੇ ਸਹਿਯੋਗ ਨਾਲ ਵਿਦਿਅਰਥੀਆਂ ਦੇ ਸਮਰ ਕੈਂਪ ਲਗਾ ਕੇ ਜਿੱਥੇ ਵੱਖ ਵੱਖ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ ਸਵੀਪ ਮੁਹਿੰਮ ਅਧੀਨ ਵੋਟਰ ਜਾਗਰੂਕਤਾ ਦੀਆਂ ਗਤੀਵਿਧੀਆਂ ਵੀ ਲਗਾਤਾਰ ਕਰਵਾਈਆਂ ਜਾ ਰਹੀਆਂ ਹਨ। ਇਨਾਂ ਗਤੀਵਧੀਆਂ ਦੌਰਾਨ ਵਿਦਿਆਰਥੀਆਂ ਦੇ ਚਾਰਟ ਬਣਾਉਣ ਅਤੇ ਸਲੋਗਨ ਲਿਖਣ ਸਮੇਤ ਲੇਖ, ਕੁਇਜ਼ ਤੇ ਸਕਿੱਟ ਮੁਕਾਬਲੇ ਕਰਵਾ ਕੇ ਵੋਟਰਾਂ ਨੂੰ ਆਗਾਮੀ ਜ਼ਿਮਨੀ ਚੋਣ ਦੌਰਾਨ ਲਾਜ਼ਮੀ ਤੌਰ ’ਤੇ ਬਿਨਾਂ ਕਿਸੇ ਲਾਲਚ ਅਤੇ ਭੈਅ ਦੇ ਵੋਟ ਅਧਿਕਾਰ ਦੇ ਇਸਤੇਮਾਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮਨਪਾਲ ਸਿੰਘ ਐੱਲ.ਏ ਦਫਤਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ, ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਜ਼ਿਲਾ ਭਾਸ਼ਾ ਦਫਤਰ ਅਤੇ ਸੁਖਬੀਰ ਕੌਰ ਦਫਤਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ਸਕੂਲਾਂ ਦੀਆਂ ਸੀਨੀਅਰ ਜਮਾਤਾਂ ’ਚ ਪੜਦੇ ਬਹੁਤ ਸਾਰੇ ਵਿਦਿਆਰਥੀ ਖੁਦ ਵੀ ਵੋਟਰ ਹਨ। ਸਮਰ ਕੈਂਪਾਂ ਦੌਰਾਨ ਕੀਤੀਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਦੌਰਾਨ ਵਿਦਿਆਰਥੀ ਵੋਟਰਾਂ ਵੱਲੋਂ ਖੁਦ ਵੋਟ ਅਧਿਕਾਰ ਦੇ ਇਸਤੇਮਾਲ ਦੀ ਗੱਲ ਕਰਦਿਆਂ ਆਪੋ ਆਪਣੇ ਪਿੰਡ ਅਤੇ ਸ਼ਹਿਰ ਦੇ ਵੋਟਰਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਹਿੱਤ ਵੋਟ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।