ਬਰਨਾਲਾ : ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਸੰਤ ਨਿਰੰਕਾਰੀ ਮਿਸ਼ਨ ਦੇ ਸਹਿਯੋਗ ਨਾਲ ਸੰਤ ਨਿਰੰਕਾਰੀ ਭਵਨ ਵਿਖੇ ਵਿਸ਼ਵ ਖੂਨਦਾਨੀ ਦਿਵਸ ਦੀ ਸ਼ੁਰੂਆਤ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਖੂਨਦਾਨ ਕਰਕੇ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਔਲਖ ਨੇ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ । ਖੂਨਦਾਨ ਕਰਕੇ ਅਸੀਂ ਸੜਕੀ ਹਾਦਸੇ, ਐਮਰਜੈਂਸੀ ਸਮੇਂ, ਗੰਭੀਰ ਬਿਮਾਰੀਆਂ, ਗਰਭਵਤੀ ਔਰਤਾਂ 'ਚ ਜਣੇਪੇ ਸਮੇਂ ਖੂਨ ਦੀ ਘਾਟ ਸਮੇਂ ਕੀਮਤੀ ਜਾਨਾਂ ਬਚਾਅ ਸਕਦੇ ਹਾਂ। ਇਸ ਸਮੇਂ ਡਾ. ਵੀ ਸੀ ਲੂਥਰਾ ਜ਼ੋਨਲ ਇੰਚਾਰਜ ਅਤੇ ਜੀਵਨ ਕੁਮਾਰ ਬਰਨਾਲਾ ਵੱਲੋਂ ਸਭ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਖੂਨਦਾਨ ਕਰਨ ਵਾਲਿਆਂ ਦਾ ਸਿਵਲ ਸਰਜਨ ਡਾ. ਔਲਖ ਦੇ ਸਹਿਯੋਗ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਹਰਜਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ 14 ਜੂਨ ਨੂੰ ਖੂਨਦਾਨੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਮੇਂ ਸਮੂਹ ਹਾਜ਼ਰੀਨ ਵੱਲੋਂ ਪ੍ਰਣ ਕੀਤਾ ਗਿਆ ਕਿ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਗੇ।
ਇਸ ਸਮੇਂ ਬਲੱਡ ਬੈਂਕ ਬਰਨਾਲਾ ਲਈ ਖੂਨਦਾਨੀਆਂ ਵੱਲੋਂ 101 ਯੂਨਿਟ ਖੂਨਦਾਨ ਕੀਤਾ ਗਿਆ । ਇਸ ਸਮੇਂ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਅਤੇ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਵੀ ਹਾਜ਼ਰ ਸੀ।