ਬਰਨਾਲਾ : ਸਿਹਤ ਵਿਭਾਗ ਬਰਨਾਲਾ ਵੱਲੋਂ ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਅਧੀਨ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਜ਼ਿਲਾ ਬਰਨਾਲਾ ’ਚ ਸਿਵਲ ਹਸਪਤਾਲ, ਸੀ.ਐਚ.ਸੀ., ਪੀ.ਐਚ.ਸੀ. ਪੱਧਰ ’ਤੇ ਗਰਭਵਤੀ ਔਰਤਾਂ ਦੇ ਮੈਡੀਕਲ ਚੈੱਕਅਪ ਲਈ ਵਿਸ਼ੇਸ਼ ਕੈਂਪ ਲਗਾਏ ਗਏ।
ਸਿਵਲ ਸਰਜਨ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰਭਵਤੀ ਔਰਤਾਂ ਦੇ ਚੈੱਕਅਪ ਲਈ ਔਰਤਾਂ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਜ਼ਿਲਾ ਬਰਨਾਲਾ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਹਰੇਕ ਮਹੀਨੇ ਕੈਂਪ ਲਾਏ ਜਾਂਦੇ ਹਨ। ਡਾ. ਔਲਖ ਨੇ ਦੱਸਿਆ ਕਿ ਵਿਸ਼ੇਸ਼ ਕੈਂਪਾਂ ਰਾਹੀਂ ਸਿਹਤ ਮਾਹਿਰਾਂ ਵੱਲੋਂ 1082 ਔਰਤਾਂ ਦਾ ਚੈਕਅਪ ਤੇ 162 ਗਰਭਵਤੀ ਔਰਤਾਂ ਦਾ ਮੁਫਤ ਅਲਟਰਾ ਸਾਊਂਡ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਜਣੇਪੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਪੋਸ਼ਟਿਕ ਭੋਜਨ ਖਾਣ ਅਤੇ ਮਾਹਿਰ ਡਾਕਟਰਾਂ ਦੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਜਣੇਪੇ ਸਮੇਂ ਜਾਂ ਬਾਅਦ ਕੋਈ ਤਕਲੀਫ ਨਾ ਹੋਵੇ।
ਇਨਾਂ ਵਿਸ਼ੇਸ਼ ਕੈਂਪਾਂ ਦੌਰਾਨ ਸਿਵਲ ਸਰਜਨ ਦਫਤਰ ਦੇ ਸਮੂਹ ਪ੍ਰੋਗਰਾਮ ਅਫਸਰਾਂ, ਸੀਨੀਅਰ ਮੈਡੀਕਲ ਅਫਸਰਾਂ ਤੇ ਮਾਸ ਮੀਡੀਆ ਵਿੰਗ ਵੱਲੋਂ ਇਨਾਂ ਕੈਂਪਾਂ ਦਾ ਦੌਰਾ ਕੀਤਾ ਗਿਆ ਤੇ ਦੱਸਿਆ ਕਿ ਜੱਚਾ ਬੱਚਾ ਦੀ ਸਿਹਤ ਲਈ ਸੰਸਥਾਗਤ ਜਣੇਪਾ ਕਰਵਾਉਣਾ ਚਾਹੀਦਾ ਹੈ।