ਬਰਨਾਲਾ : ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲਾ ਪ੍ਰਸ਼ਾਸਨ ਬਰਨਾਲਾ ਦੇ ਸਹਿਯੋਗ ਨਾਲ ਮਿਤੀ 19 ਤੋਂ 21 ਜੂਨ ਤੱਕ ਮਾਈਗਰੇਟਰੀ ਪਲਸ ਪੋਲੀਓ ਰਾਊਂਡ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਭਾਵੇਂ ਭਾਰਤ ਪੋਲੀਓ ਮੁਕਤ ਦੇਸ਼ ਹੈ ਪਰ ਪੋਲੀਓ ਦੇ ਕੇਸ ਕੁਝ ਗੁਆਂਢੀ ਦੇਸ਼ਾਂ ਵਿੱਚ ਅਜੇ ਵੀ ਆ ਰਹੇ ਹਨ ਜਿਸ ਕਰ ਕੇ ਪੋਲੀਓ ਬੂੰਦਾਂ ਸੁਰੱਖਿਆ ਲਈ ਪਿਲਾਉਣੀਆਂ ਬਹੁਤ ਜ਼ਰੂਰੀ ਹਨ।
ਜ਼ਿਲਾ ਟੀਕਾਕਰਨ ਅਫਸਰ ਡਾ. ਗੁਰਬਿੰਦਰ ਕੌਰ ਨੇ ਦੱਸਿਆ ਕਿ ਇਸ ਮਾਈਗਰੇਟੀ ਪਲਸ ਪੋਲੀਓ ਰਾਊਂਡ ਵਿੱਚ ਪੰਜਾਬ ’ਚ ਦੂਜੇ ਸੂਬਿਆਂ ਤੋਂ ਆ ਕੇ ਵਸੇ ਲੋਕਾਂ ਦੇ 0 ਤੋਂ 5 ਸਾਲ ਤਕ ਦੇ ਬੱਚਿਆਂ ਨੂੰ ਭੱਠਿਆਂ, ਝੁੱਗੀ ਝੌਪੜੀ, ਨਿਰਮਾਣ ਅਧੀਨ ਇਮਾਰਤਾਂ, ਪੋਲਟਰੀ ਫਾਰਮ ਅਤੇ ਸਲੱਮ ਏਰੀਆਂ ਚ ਜਾ ਕੇ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਜ਼ਿਲਾ ਬਰਨਾਲਾ ਵਿੱਚ ਕੁੱਲ 4784 ਦੇ ਕਰੀਬ ਮਾਈਗਰੇਟਰੀ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਇਹ ਖੁਰਾਕਾਂ ਪਿਆਉਣ ਲਈ ਸਿਹਤ ਵਿਭਾਗ ਬਰਨਾਲਾ ਵੱਲੋਂ 39 ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਨਾਂ ਵਿੱਚੋਂ 4 ਸੁਪਰਵਾਇਜਰ ਸ਼ਾਮਿਲ ਹਨ, ਜੋ ਇਨਾਂ ਟੀਮਾਂ ਦੀ ਨਿਗਰਾਨੀ ਕਰਨਗੇ।
ਪੋਲੀਓ ਮੁਹਿੰਮ ਬਾਰੇ ਸਿਹਤ ਅਫ਼ਸਰਾਂ ਨਾਲ ਮੀਟਿੰਗ ਕਰਦੇ ਹੋਏ ਸਿਵਲ ਸਰਜਨ