ਐਸ.ਏ.ਐਸ. ਨਗਰ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜਦੀਕ ਹੀ ਮਿਆਰੀ ਸਿਹਤ ਸਹੁਲਤਾਂ ਉਪਲਬੱਧ ਕਰਵਾਉਣ ਦੇ ਉਦੇਸ ਨਾਲ ਸਥਾਪਿਤ ਕੀਤੇ ਜਾ ਰਹੇ ਆਮ ਆਦਮੀ ਕਲੀਨਿਕਾਂ ਦੀ ਲੜੀ ਵਿਚ 15 ਅਗਸਤ ਨੂੰ ਮੋਹਾਲੀ ਫੇਜ 5 ਵਿੱਚ ਬਣੇ ਆਮ ਆਦਮੀ ਕਲੀਨਿਕ ਨੂੰ ਜਿਲੇ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਅਜ਼ਾਦੀ ਦਿਹਾੜੇ ਮੌਕੇ ਸਵੇਰੇ 11:00 ਵਜੇ ਕੈਬਨਿਟ ਮੰਤਰੀ, ਸ੍ਰੀ ਬ੍ਰਮ ਸ਼ੰਕਰ, ਮਾਲ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਫੇਜ 5 ਮੋਹਾਲੀ ਦੀ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨਗੇ।
ਕੈਬਨਿਟ ਮੰਤਰੀ, ਸ੍ਰੀ ਬ੍ਰਮ ਸ਼ੰਕਰ ਨੇ ਜਿਲੇ ਦੇ ਲੋਕਾਂ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੇਜ 5 ਮੋਹਾਲੀ ਵਿਖੇ ਇਹ ਆਮ ਆਦਮੀ ਕਲੀਨਿਕ ਸਥਾਪਿਤ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ ਮਾਹਿਰ ਡਾਕਟਰ ਸੇਵਾਵਾਂ ਪ੍ਰਦਾਨ ਕਰਣਗੇ। ਉਨਾਂ ਨੇ ਦੱਸਿਆ ਕਿ ਇੰਨਾਂ ਆਮ ਆਦਮੀ ਕਲੀਨਿਕਾਂ ਵਿਚ ਓਪੀਡੀ ਸੇਵਾਵਾਂ, ਟੀਕਾਕਰਨ ਸੇਵਾਵਾਂ, ਜੱਚਾ ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ, ਮੁਫਤ ਲੈਬ ਟੈਸਟ ਆਦਿ ਦੀ ਸਹੁਲਤ ਉਪਲੱਬਧ ਹੋਵੇਗੀ ਅਤੇ ਇੱਥੋਂ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਉਨਾਂ ਨੇ ਕਿਹਾ ਕਿ ਇਹ ਕਲੀਨਿਕ ਆਮ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਣਗੇ ਅਤੇ ਹੁਣ ਉਨਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਉਨ੍ਹਾਂ ਦੇ ਪਿੰਡ ਵਿਚ ਹੀ ਮਿਲਣਗੀਆਂ।