ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਲਕੁਲ ਮੁਫ਼ਤ ਲੱਗ ਰਿਹਾ ਹੈ ਤੀਜਾ ਟੀਕਾ
ਐਸ.ਏ.ਐਸ ਨਗਰ / ਬੂਥਗੜ੍ਹ : ਕੋਵਿਡ ਪਾਜ਼ੇਟਿਵ ਕੇਸਾਂ ’ਚ ਵਾਧੇ ਨੂੰ ਵੇਖਦਿਆਂ ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਅਤੇ ਨੋਡਲ ਅਫ਼ਸਰ ਡਾ. ਵਿਕਾਸ ਰਣਦੇਵ ਨੇ ਹਰ ਲਾਭਪਾਤਰੀ ਨੂੰ ਕੋਵਿਡ-ਰੋਕੂ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੀ.ਐਚ.ਸੀ. ਬੂਥਗੜ੍ਹ, ਖ਼ਿਜ਼ਰਾਬਾਦ ਅਤੇ ਪਲਹੇੜੀ ਵਿਖੇ ਹਰ ਕੰਮਕਾਜੀ ਦਿਨ ਬਿਲਕੁਲ ਮੁਫ਼ਤ ਟੀਕਾਕਰਨ ਹੋ ਰਿਹਾ ਹੈ। ਇਸ ਵੇਲੇ 12 ਤੋਂ 14 ਸਾਲ ਦੇ ਬੱਚਿਆਂ ਸਮੇਤ 14 ਸਾਲ ਤੋਂ ਉਪਰਲੇ ਹਰ ਵਿਅਕਤੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਐਸ.ਐਮ.ਓ. ਨੇ ਕਿਹਾ ਕਿ ਕੋਵਿਡ ਜਿਹੀ ਜਾਨਲੇਵਾ ਬੀਮਾਰੀ ਤੋਂ ਅਪਣਾ ਬਚਾਅ ਕਰਨ ਲਈ ਮੁਕੰਮਲ ਕੋਵਿਡ ਟੀਕਾਕਰਨ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਲਾਭਪਾਤਰੀਆਂ ਨੇ ਹਾਲੇ ਤਕ ਪਹਿਲਾ, ਦੂਜਾ ਜਾਂ ਤੀਜਾ ਟੀਕਾ ਨਹੀਂ ਲਗਵਾਇਆ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੀਜਾ ਟੀਕਾ ਲਗਵਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਵਿਅਕਤੀ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਂਦਾ ਹੈ। ‘ਆਜ਼ਾਦੀ ਕਾ ਅੰਮ੍ਰਿਤ ਮਹਾਂਉੁਤਸਵ’ ਤਹਿਤ ਤੀਜਾ ਟੀਕਾ 15 ਜੁਲਾਈ ਤੋਂ 75 ਦਿਨਾਂ ਤਕ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੂਜੇ ਟੀਕਾ ਲਗਵਾਉਣ ਦੇ 26 ਹਫ਼ਤਿਆਂ ਮਗਰੋਂ ਤੀਜਾ ਟੀਕਾ ਲਗਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀਕਾ ਲਗਵਾਉਣ ਨਾਲ ਸਰੀਰ ਅੰਦਰ ਕੋਰੋਨਾ ਮਹਾਂਮਾਰੀ ਨਾਲ ਲੜਨ ਦੀ ਤਾਕਤ ਪੈਦਾ ਹੁੰਦੀ ਹੈ। ਜੇ ਟੀਕਾ ਲਗਵਾਉਣ ਤੋਂ ਬਾਅਦ ਵੀ ਕੋਈ ਵਿਅਕਤੀ ਇਸ ਬੀਮਾਰੀ ਦੀ ਲਪੇਟ ਵਿਚ ਆ ਜਾਂਦਾ ਹੈ ਤਾਂ ਇਹ ਬੀਮਾਰੀ ਭਿਆਨਕ ਰੂਪ ਅਖ਼ਤਿਆਰ ਨਹੀਂ ਕਰਦੀ ਅਤੇ ਮਰੀਜ਼ ਨੂੰ ਹਸਪਤਾਲ ਦਾਖ਼ਲ ਹੋਣ ਦੀ ਲੋੜ ਨਹੀਂ ਪੈਂਦੀ। ਐਸ.ਐਮ.ਓ. ਨੇ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਰ ਵਿਅਕਤੀ ਬਿਨਾਂ ਕਿਸੇ ਡਰ-ਭੈਅ ਇਹ ਟੀਕਾ ਲਗਵਾਏ।
ਉਨ੍ਹਾਂ ਲੋਕਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਬਹੁਤ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਗ਼ੈਰ-ਜ਼ਰੂਰੀ ਸਫ਼ਰ ਅਤੇ ਭੀੜ ਵਿਚ ਜਾਣ ਤੋਂ ਬਚਿਆ ਜਾਵੇ। ਇਸ ਤੋਂ ਇਲਾਵਾ, ਜੇ ਲਗਾਤਾਰ ਖੰਘ, ਜ਼ੁਕਾਮ, ਬੁਖ਼ਾਰ ਆਦਿ ਜਿਹੀ ਤਕਲੀਫ਼ ਹੋਵੇ ਤਾਂ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰ ਦੀ ਸਲਾਹ ਲਈ ਜਾਵੇ ਅਤੇ ਕੋਵਿਡ ਟੈਸਟ ਕਰਵਾਇਆ ਜਾਵੇ। ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਵੀ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ।