ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਸਿੱਧ ਭਾਸ਼ਾ ਵਿਗਿਆਨੀ ਅਤੇ ਸਾਹਿਤ ਸ਼ਾਸਤਰੀ ਪ੍ਰੋਫ਼ੈਸਰ ਪਰਮਜੀਤ ਸਿੰਘ ਸਿੱਧੂ, ਜੋ ਪਿਛਲੇ ਦਿਨੀਂ ਪ੍ਰਾਣ ਤਿਆਗ ਗਏ ਸਨ, ਨੂੰ ਯਾਦ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਗਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪਹੁੰਚੇ ਡਾ. ਗੁਰਮੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡਾ. ਪਰਮਜੀਤ ਸਿੰਘ ਸਿੱਧੂ ਅੰਮ੍ਰਿਤਸਰ ਵਿਖੇ ਵਿਭਾਗ ਵਿਚ ਉਨ੍ਹਾਂ ਦੇ ਸੀਨੀਅਰ ਸਨ ਲੇਕਿਨ ਉਨ੍ਹਾਂ ਨੇ ਕਦੇ ਵੀ ਅਜਿਹਾ ਵਿਖਾਵਾ ਨਹੀਂ ਕੀਤਾ ਸਗੋਂ ਦੋਸਤਾਨਾ ਤੇ ਬਰਾਬਰੀ ਵਾਲਾ ਰਿਸ਼ਤਾ ਬਣਾਇਆ। ਗਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪਹੁੰਚੇ ਦੂਜੇ ਵਿਦਵਾਨ ਡਾ. ਹਰਭਜਨ ਸਿੰਘ ਭਾਟੀਆ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਸਿੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਡਾ. ਪਰਮਜੀਤ ਸਿੰਘ ਸਿੱਧੂ ਪੰਜਾਬੀ ਦੇ ਉੱਘੇ ਵਿਦਵਾਨ ਪ੍ਰੋਫ਼ੈਸਰ ਗੁਰਦੇਵ ਸਿੰਘ ਦੇ ਸਪੁੱਤਰ ਅਤੇ ਉੱਘੇ ਭਾਸ਼ਾ ਵਿਗਿਆਨੀ ਹਰਜੀਤ ਸਿੰਘ ਦੇ ਪਹਿਲੇ ਖੋਜ ਵਿਦਿਆਰਥੀ ਸਨ।
ਉਨ੍ਹਾਂ ਡਾ. ਸਿੱਧੂ ਦੇ ਸੰਜਮੀ ਜੀਵਨ ਬਾਰੇ ਜਾਣੂ ਕਰਵਾਉਂਦੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਡਾ. ਪਰਮਜੀਤ ਸਿੰਘ ਸਿੱਧੂ ਦੇ ਅਕਾਦਮਿਕ ਕਾਰਜਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਇਸ ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਭਾਸ਼ਾ ਵਿਗਿਆਨ ਵਿਚ ਡਾ. ਪਰਮਜੀਤ ਸਿੰਘ ਸਿੱਧੂ ਦੀ ਵਡਮੁੱਲੀ ਦੇਣ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਨੇ ਆਪਣੇ ਧੰਨਵਾਦੀ ਸ਼ਬਦਾਂ ਦੌਰਾਨ ਕਿਹਾ ਕਿ ਉਹ ਆਪਣੇ ਕੰਮ ਪ੍ਰਤੀ ਜਿੰਨੇ ਸਮਰਪਿਤ ਸਨ ਉਨਾ ਹੀ ਅਕਾਦਮਿਕ ਰਾਜਨੀਤੀ ਅਤੇ ਧੜੇਬੰਦੀ ਤੋਂ ਨਿਰਲੇਪ ਰਹਿਣ ਵਾਲੇ ਵਿਦਵਾਨ ਸਨ। ਇਸ ਸਮਾਗਮ ਵਿਚ ਡਾ. ਪਰਮਜੀਤ ਸਿੰਘ ਸਿੱਧੂ ਦੇ ਪਰਿਵਾਰ ਵਿਚੋਂ ਉਨ੍ਹਾਂ ਦੀ ਧਰਮ ਪਤਨੀ ਸ਼ਾਰਧਾ ਸਿੱਧੂ, ਉਨ੍ਹਾਂ ਦਾ ਭਰਾ ਇੰਦਰਜੀਤ ਸਿੰਘ ਸਿੱਧੂ, ਭਰਜਾਈ ਹਰਭਜਨ ਕੌਰ ਅਤੇ ਉਨ੍ਹਾਂ ਦਾ ਬੇਟਾ ਰਿਸ਼ੀਰਾਜ ਸਿੱਧੂ ਵੀ ਸ਼ਾਮਿਲ ਹੋਏ।