ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਬੋਹਰ ਤੋਂ ਵਿਧਾਇਕ ਆਪਣੇ ਭਤੀਜੇ ਸੰਦੀਪ ਜਾਖੜ ਨੂੰ ਕਾਂਗਰਸ ਹਾਈਕਮਾਨ ਵਲੋਂ ਪਾਰਟੀ ਤੋਂ ਮੁਅੱਤਲ ਕੀਤੇ ਜਾਣ ’ਤੇ ਕਿਹਾ ਹੈ ਕਿ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ, ਇਸ ’ਤੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਸੰਦੀਪ ਖੁਦਮੁਖਤਿਅਰ ਹੈ ਅਤੇ ਆਪਣੀ ਪਾਰਟੀ ਵਿਚ ਆਪਣੀ ਗੱਲ ਰੱਖੇਗਾ। ਪਰ ਇਸ ਮੁਅੱਤਲੀ ਲਈ ਜਾਰੀ ਪੱਤਰ ਵਿਚ ਜੋ ਸ਼ਬਦਾਵਲੀ ਵਰਤੀ ਗਈ ਹੈ, ਉਸ ਨਾਲ ਕਾਂਗਰਸ ਦੀ ਸੋਚ ਦਾ ਪਤਾ ਲੱਗਦਾ ਹੈ।
ਦਰਅਸਲ ਸੰਦੀਪ ਜਾਖੜ ’ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਜਿਸ ਸੰਯੁਕਤ ਘਰ ਵਿਚ ਉਹ ਰਹਿੰਦੇ ਹਨ, ਉਸ ’ਤੇ ਭਾਜਪਾ ਦਾ ਝੰਡਾ ਲੱਗਿਆ ਹੈ। ਸੁਨੀਲ ਜਾਖੜ ਨੇ ਜਗ ਬਾਣੀ ਨਾਲ ਗੱਲਬਾਤ ਵਿਚ ਕਿਹਾ ਕਿ ਸੰਯੁਕਤ ਪਰਿਵਾਰ ਹਿੰਦੂ ਸੰਸਕਾਰ ਦਾ ਉਦਾਹਰਣ ਹੈ। ਉਨ੍ਹਾਂ ਦਾ 3 ਭਰਾਵਾਂ ਦੀਆਂ 3 ਪੀੜ੍ਹੀਆਂ ਤੋਂ ਸੰਯੁਕਤ ਪਰਿਵਾਰ ਹੈ। ਰਾਜਨੀਤਿਕ ਤੌਰ ’ਤੇ ਚਾਹੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਭਤੀਜੇ ਦੇ ਰਸਤੇ ਵੱਖ ਹੋਣ ਪਰ ਉਹ ਸਾਰੇ ਲੋਕ ਸਾਂਝੇ ਪਰਿਵਾਰ ਵਿਚ ਰਹਿੰਦੇ ਹਨ, ਜਿਸ ਦਾ ਉਨ੍ਹਾਂ ਨੂੰ ਮਾਣ ਹੈ। ਦੇਸ਼ ਜੋੜਨ ਦੀ ਗੱਲ ਕਰਨ ਵਾਲੇ ਦੇਸ਼ ਨੂੰ ਕੀ ਜੋੜਨਗੇ, ਜਦੋਂ ਉਨ੍ਹਾਂ ਨੂੰ ਸੰਯੁਕਤ ਪਰਿਵਾਰ ਨਹੀਂ ਚੰਗਾ ਲੱਗ ਰਿਹਾ। ਕਾਂਗਰਸ ਨੇ ਤਾਂ ਆਪਣੇ ਗਠਜੋੜ ਦਾ ਨਾਮ ਵੀ ਹਿੰਦੀ ਦੀ ਬਜਾਏ ਅੰਗਰੇਜ਼ੀ ਵਿਚ ‘ਇੰਡੀਆ’ ਰੱਖਿਆ ਹੈ ਅਤੇ ਅੰਗਰੇਜ਼ਾਂ ਦੀ ਤਰਜ ’ਤੇ ਹੀ ਉਹ ਫੁੱਟ ਪਾਉਣ ਵਿਚ ਵਿਸ਼ਵਾਸ ਰੱਖਦੀ ਹੈ। ਸੰਦੀਪ ’ਤੇ ਉਨ੍ਹਾਂ ਦਾ ਬਚਾਅ ਕਰਨ ਦੇ ਦੋਸ਼ ’ਤੇ ਜਾਖੜ ਨੇ ਕਿਹਾ ਕਿ ਕਾਂਗਰਸ ਕੀ ਚਾਹੁੰਦੀ ਹੈ? ਪਰਿਵਾਰ ਵਿਚ ਇਕ-ਦੂਜੇ ਦਾ ਸਹਿਯੋਗ ਕਰਨਾ ਕੀ ਕਾਂਗਰਸ ਨੂੰ ਰਾਸ ਨਹੀਂ ਆ ਰਿਹਾ।