ਕੇਂਦਰ ਸਰਕਾਰ ਨੇ ਉਜਵਲਾ ਯੋਜਨਾ ਦਾ ਵਿਸਤਾਰ ਕਰਦੇ ਹੋਏ ਘਰੇਲੂ ਸਿਲੰਡਰ ਦੀ ਪ੍ਰਚੂਨ ਕੀਮਤ 'ਚ 200 ਰੁਪਏ ਦੀ ਕਟੌਤੀ ਕਰਨ ਦੇ ਨਾਲ-ਨਾਲ 75 ਲੱਖ ਹੋਰ ਪਰਿਵਾਰਾਂ ਨੂੰ ਇਸ ਨਾਲ ਜੋੜਿਆ ਗਿਆ ਹੈ। ਅੱਜ (30 ਅਗਸਤ) ਤੋਂ ਲਾਗੂ ਹੋਣ ਵਾਲੇ ਸਰਕਾਰ ਦੇ ਇਸ ਫੈਸਲੇ ਨਾਲ 31 ਕਰੋੜ ਤੋਂ ਵੱਧ ਐਲਪੀਜੀ ਖਪਤਕਾਰਾਂ ਨੂੰ ਫਾਇਦਾ ਹੋਵੇਗਾ।, ਇਸ ਵਿੱਚ ਉਹ 9.6 ਕਰੋੜ ਲਾਭਪਾਤਰੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਉੱਜਵਲਾ ਯੋਜਨਾ ਤਹਿਤ ਗੈਸ ਕੁਨੈਕਸ਼ਨ ਲਏ ਹਨ। ਉੱਜਵਲਾ ਸਕੀਮ ਤਹਿਤ ਸਿਲੰਡਰ ਲੈਣ ਵਾਲਿਆਂ ਨੂੰ ਹੁਣ ਘਰੇਲੂ ਸਿਲੰਡਰ 'ਤੇ 400 ਰੁਪਏ ਘੱਟ ਦੇਣੇ ਪੈਣਗੇ। ਉੱਜਵਲਾ ਨਾਲ ਜੁੜੇ 9.6 ਕਰੋੜ ਲਾਭਪਾਤਰੀ ਪਰਿਵਾਰਾਂ ਨੂੰ ਸਿਲੰਡਰ 'ਤੇ 200 ਰੁਪਏ ਦੀ ਸਬਸਿਡੀ ਪਹਿਲਾਂ ਹੀ ਦਿੱਤੀ ਜਾ ਰਹੀ ਹੈ।
ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਉੱਜਵਲਾ ਦੇ ਤਹਿਤ ਵੱਡੀ ਗਿਣਤੀ 'ਚ ਲੋਕਾਂ ਨੇ ਗੈਸ ਕੁਨੈਕਸ਼ਨ ਲਈ ਅਪਲਾਈ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ ਕੁਨੈਕਸ਼ਨ ਦੇਣ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਮੰਗਲਵਾਰ ਦੇ ਫੈਸਲੇ ਨਾਲ ਪ੍ਰਚੂਨ ਮਹਿੰਗਾਈ 'ਚ ਵੀ ਰਾਹਤ ਮਿਲੇਗੀ। ਜੁਲਾਈ 'ਚ ਪ੍ਰਚੂਨ ਮਹਿੰਗਾਈ ਦਰ 7.44 ਫੀਸਦੀ ਦੇ ਪੱਧਰ 'ਤੇ ਪਹੁੰਚ ਗਈ ਹੈ।