ਫ਼ਰਜ਼ੀ ਪੁਲਿਸ ਮੁਕਾਬਲੇ ਦੌਰਾਨ ਨੌਜਵਾਨਾਂ ਦੇ ਕਤਲ ਮਾਮਲੇ ਚ, ਤਿੰਨ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ CBI ਕੋਰਟ ਵਲੋਂ 31 ਸਾਲਾ ਬਾਅਦ 1992 ਦਾ ਇਕ ਹੋਰ ਪੁਲਿਸ ਮੁਕਾਬਲਾ ਝੂਠਾ ਕਰਾਰ ਦਿੱਤਾ ਗਿਆ ਹੈ, ਤਿੰਨ ਥਾਣੇਦਾਰਾਂ ਨੂੰ ਸਾਜ਼ਿਸ਼ ਰਚਣ, ਕਤਲ ਕਰਨ, ਰਿਕਾਰਡ ਬਣਾਉਣ ਦਾ ਦੋਸ਼ੀ ਠਹਿਰਾਇਆ ਹੈ। ਸਾਬਕਾ ਇੰਸਪੈਕਟਰ ਧਰਮ ਸਿੰਘ,ASI ਸੁਰਿੰਦਰ ਸਿੰਘ ਤੇ DSP ਗੁਰਦੇਵ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਪਰੋਕਤ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ ਨਾਲ ਦੋ ਦੋ ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਭੁਪਿੰਦਰ ਸਿੰਘ ਪਹਿਲਾਂ ਹੀ ਭਗੌੜਾ ਹੈ ਤੇ ਬਾਕੀ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ।
CBI Court ਨੇ 1992 ਨਾਲ ਸਬੰਧਤ ਝੂਠੇ ਮੁਕਾਬਲੇ ਦੇ ਕੇਸ ਦਾ ਫੈਸਲਾ ਕੀਤਾ ਜਿਸ ਵਿਚ ਤਿੰਨ ਨੌਜਵਾਨਾਂ ਹਰਜੀਤ ਸਿੰਘ, ਲਖਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਨੂੰ ਮਾਰਿਆ ਦਿਖਾਇਆ ਗਿਆ ਸੀ। ਇਸ ਮਾਮਲੇ 'ਚ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰ ਕੇ ਦੋਸ਼ ਲਾਇਆ ਹੈ ਕਿ ਪਿੰਡ ਬੁੱਟਰ ਮਹਿਤਾ ਨੇੜੇ ਦੇ ਹਰਜੀਤ ਸਿੰਘ ਨੂੰ 29.4.1992 ਨੂੰ ਠੱਠੀਆਂ ਬੱਸ ਸਟੈਂਡ ਤੋਂ ਪੁਲਿਸ ਨੇ ਚੁੱਕ ਕੇ ਨਾਜਾਇਜ ਹਿਰਾਸਤ ਵਿਚ ਰੱਖ ਕੇ ਦੋ ਹੋਰਨਾਂ ਨੌਜਵਾਨਾਂ ਜਸਪਿੰਦਰ ਸਿੰਘ ਜੱਸਾ ਵਾਸੀ ਸ਼ਹਿਜ਼ਾਦਾ ਅਤੇ ਲਖਵਿੰਦਰ ਸਿੰਘ ਲਖਾ ਵਾਸੀ ਚਕ ਕਮਾਲ ਖਾਂ ਨਾਲ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਸੀ।
ਇਸ ਕੇਸ ਵਿਚ ਪਹਿਲਾ ਵਾਰੰਟ ਅਫ਼ਸਰ ਨਿਯੁਕਤ ਹੋਇਆ ਤੇ ਫਿਰ ਸੈਸ਼ਨ ਜੱਜ ਚੰਡੀਗੜ੍ਹ ਤੋਂ ਇਨਕੁਆਇਰੀ ਕਾਰਵਾਈ ਸੀ ਤੇ ਫਿਰ ਸਾਲ 1997 ਵਿਚ ਸੀਬੀਆਈ ਨੂੰ ਕੇਸ ਦੇ ਦਿੱਤਾ ਸੀ ਅਤੇ ਸੀਬੀਆਈ ਨੇ 2000 ਵਿਚ 9 ਪੁਲਿਸ ਅਫ਼ਸਰਾਂ ਖਿਲਾਫ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕੀਤੀ ਸੀ। ਪਰ ਇਹ ਕੇਸ ਕਈ ਸਾਲ ਸਟੇਅ ਤੇ ਰਿਹਾ ਅਤੇ 31 ਸਾਲਾ ਬਾਅਦ ਫੈਸਲਾ ਹੋਇਆ ।ਇਸ ਕੇਸ ਵਿਚ ਬਾਕੀ ਦੋਸ਼ੀਆ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਇਸਦਾ ਇਕ ਪੱਖ ਇਹ ਵੀ ਹੈ ਕਿ ਇਸ ਕੇਸ ਵਿਚ 58 ਗਵਾਹਾਂ ਵਿੱਚੋ 27 ਗਵਾਹਾਂ ਦੀ ਵੀ ਮੌਤ ਹੋ ਗਈ ਸੀ।