ਮੁੰਬਈ ਅਤੇ ਦਿੱਲੀ ਦੋਵਾਂ ਐਪਲ ਸਟੋਰਾਂ 'ਤੇ ਸ਼ੁੱਕਰਵਾਰ ਸਵੇਰ ਤੋਂ ਹੀ ਗਾਹਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਿਊਜ਼ ਏਜੰਸੀ ਏ.ਐੱਨ.ਆਈ. ਨੇ ਇਕ ਵਿਅਕਤੀ ਨਾਲ ਗੱਲ ਕੀਤੀ ਜੋ ਸਟੋਰ 'ਚ ਸਭ ਤੋਂ ਪਹਿਲਾਂ ਆਈਫੋਨ 15 ਖ਼ਰੀਦਣ ਲਈ ਵੀਰਵਾਰ ਤੋਂ ਹੀ ਲਾਈਨ 'ਚ ਖੜ੍ਹਾ ਹੈ। ਉਸ ਵਿਅਕਤੀ ਨੇ ਕਿਹਾ ਕਿ ਉਸਨੇ ਬੀ.ਕੇ.ਸੀ. ਸਟੋਰ ਤੋਂ ਭਾਰਤ ਦਾ ਪਹਿਲਾ ਆਈਫੋਨ ਖ਼ਰੀਦਣ ਲਈ ਵਿਸ਼ੇਸ਼ ਤੌਰ 'ਤੇ ਅਹਿਮਦਾਬਾਦ ਤੋਂ ਮੁੰਬਈ ਦੀ ਯਾਤਰਾ ਕੀਤੀ ਹੈ। ਇਕ ਵਿਅਕਤੀ ਤਾਂ ਬੇਂਗਲੁਰੂ ਤੋਂ ਆਈਫੋਨ ਖਰੀਦਣ ਲਈ ਫਲਾਈਟ ਲੈ ਕੇ ਸਵੇਰੇ ਮੁੰਬਈ ਪਹੁੰਚਿਆ ਸੀ।
ਸ਼ਖ਼ਸ ਨੇ ਦੱਸਿਆ ਕਿ ਮੈਂ ਕੱਲ੍ਹ ਦੁਪਹਿਰ 3 ਵਜੇ ਤੋਂ ਇਥੇ (ਮੁੰਬਈ ਬੀ.ਕੇ.ਸੀ. ਸਟੋਰ) ਹਾਂ। ਮੈਂ 17 ਘੰਟਿਆਂ ਤੋਂ ਲਾਈਨ 'ਚ ਖੜ੍ਹਾ ਹਾਂ। ਮੈਂ ਭਾਰਤ ਦੇ ਪਹਿਲੇ ਐਪ ਸਟੋਰ 'ਚੋਂ ਪਹਿਲਾ ਆਈਫੋਨ ਖ਼ਰੀਦਣ ਲਈ ਇਥੇ ਆਇਆ ਹਾਂ। ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੇ ਐਪਲ ਵਾਚ ਅਲਟਰਾ 2 ਅਤੇ ਨਵੇਂ ਏਅਪੌਡਸ ਦੇ ਨਾਲ ਚਿੱਟੇ ਟਾਈਟੇਨੀਅਮ 'ਚ ਇਕ ਆਈਫੋਨ 15 ਪ੍ਰੋ ਮੈਕਸ ਮਾਡਲ ਬੁੱਕ ਕੀਤਾ ਹੈ। ਇਕ ਬ੍ਰਾਂਡ ਦੇ ਰੂਪ 'ਚ ਐਪਲ ਬਾਰੇ ਪੁੱਛੇ ਜਾਣ ਤੇ ਉਸਨੇ ਮੁਸਕੁਰਾਉਂਦੇ ਹੋਏ ਕਿਹਾ ਕਿ ਸਭ ਤੋਂ ਚੰਗਾ ਹੈ।
ਇਹ ਪਹਿਲੀ ਵਾਰ ਹੈ ਜਦੋਂ ਭਾਰਤ 'ਚ ਤੁਸੀਂ ਨਵੇਂ ਆਈਫੋਨ ਐਪਲ ਸਟੋਰ ਤੋਂ ਖਰੀਦ ਸਕੋਗੇ। ਇਸ ਸੀਰੀਜ਼ 'ਚ ਕੰਪਨੀ ਨੇ ਚਾਰ ਫੋਨ- iPhone 15, iPhone 15 Plus, iPhone 15 Pro ਅਤੇ iPhone 15 Pro Max ਨੂੰ ਲਾਂਚ ਕੀਤਾ ਹੈ। ਐਪਲ ਨੇ ਇਸ ਸਾਲ ਹੀ ਮੁੰਬਈ ਦੇ ਬੀ.ਕੇ.ਸੀ. ਅਤੇ ਦਿੱਲੀ ਦੇ ਸਾਕੇਤ ਸੈਲੇਕਟ ਸਿਟੀ 'ਚ ਆਪਣੇ ਸਟੋਰ ਖੋਲ੍ਹੇ ਹਨ।