ਐਸ.ਏ.ਐਸ.ਨਗਰ :- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹੇ ਵਿੱਚ ਸੀ ਆਰ ਐਮ ਮਸ਼ੀਨਰੀ ਨਾਲ ਪਰਾਲੀ ਦਾ ਪ੍ਰਬੰਧਨ ਕਰ ਰਹੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਚ ਮਿਲ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ, “ਅਸੀਂ ਹੁਣ ਤੱਕ ਜ਼ਿਲ੍ਹੇ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਵੱਡੀ ਗਿਣਤੀ (1098) ਉਪਲਬਧ ਕਰਵਾ ਦਿੱਤੀ ਹੈ।”
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਹੁਣ ਅਸੀਂ ਕਣਕ ਦੀ ਬਿਜਾਈ ਲਈ ਛੋਟੇ ਟਰੈਕਟਰਾਂ ਨਾਲ ਚੱਲਣ ਵਾਲੇ 184 ਸਰਫੇਸ ਸੀਡਰ ਮੁਹੱਈਆ ਕਰਵਾ ਰਹੇ ਹਾਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਸਾਹਮਣੇ ਆਈਆਂ ਕਮੀਆਂ ਨੂੰ ਅਗਲੇ ਸੀਜ਼ਨ ਤੱਕ ਦੂਰ ਕਰ ਲਿਆ ਜਾਵੇਗਾ ਤਾਂ ਜੋ ਅੱਗ ਦੀਆਂ ਘਟਨਾਵਾਂ ਨੂੰ ਹੋਰ ਘੱਟ ਕੀਤਾ ਜਾ ਸਕੇ।
ਦੇਹਕਲਾਂ ਨਬੀਪੁਰ ਵਿਖੇ ਮਕੈਨੀਕਲ ਇੰਜੀਨੀਅਰ ਸਨਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ, ਉਨ੍ਹਾਂ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲੋਂ ਸੀ ਆਰ ਐਮ ਮਸ਼ੀਨਰੀ ਨੂੰ ਤਰਜੀਹ ਦੇਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਕਰੀਬ 60 ਏਕੜ ਤੋਂ ਵੱਧ ਰਕਬੇ ਵਿੱਚ ਖੇਤੀ ਕਰਨ ਵਾਲੇ ਸਨਪ੍ਰੀਤ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਬੀਜੀ ਜਾਣ ਵਾਲੀ ਕਣਕ ਦੀ ਬਿਜਾਈ ਜ਼ਮੀਨ ਲਈ ਉਪਜਾਊ ਸਾਬਤ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਪਹਿਲਾਂ ਬੇਲਰ ਨਾਲ ਸੰਭਾਲਿਆ ਗਿਆ, ਫਿਰ ਰਹਿੰਦ-ਖੂੰਹਦ ਨੂੰ ਤਵੀਆਂ ਦੁਆਰਾ ਮਿੱਟੀ ਵਿੱਚ ਮਿਲਾਇਆ ਗਿਆ ਅਤੇ ਫਿਰ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੇ ਬੀਜ ਦੀ ਬਿਜਾਈ ਕੀਤੀ ਗਈ।ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਖਾਦਾਂ ਦੀ ਘੱਟ ਵਰਤੋਂ ਵਿੱਚ ਵੀ ਮਦਦ ਮਿਲਦੀ ਹੈ ਅਤੇ ਝਾੜ ਵੀ ਵਧਦਾ ਹੈ।
ਡਿਪਟੀ ਕਮਿਸ਼ਨਰ ਨੇ ਬਾਅਦ ਵਿੱਚ ਰੁੜਕੀ ਪੁਖਤਾ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਨਵੀਂ ਸ਼ੁਰੂ ਕੀਤੀ ਮਸ਼ੀਨ ਸਰਫੇਸ ਸੀਡਰ ਦੇ ਕੰਮ ਨੂੰ ਦੇਖਿਆ। ਪਰਾਲੀ ਨੂੰ ਸਾੜੇ ਬਿਨਾਂ ਸੰਭਾਲਣ ਵਿੱਚ ਲੱਗੇ ਕਿਸਾਨਾਂ ਦੇ ਯਤਨਾਂ ਨੂੰ ਉਤਸ਼ਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਹੋਰਨਾਂ ਨੂੰ ਵੀ ਹਾਂ ਪਖੋ ਸੰਦੇਸ਼ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐਸ ਡੀ ਐਮ ਖਰੜ ਗੁਰਬੀਰ ਸਿੰਘ ਕੋਹਲੀ, ਬੀਡੀਪੀਓ ਲੈਨਿਨ ਗਰਗ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।