ਚੰਡੀਗੜ੍ਹ :- ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਹੇਠ ਭਾਜਪਾ ਪੰਜਾਬ ਦੀ ਲੀਡਰਸ਼ਿਪ ਨੇ ਅੱਜ ਭਾਜਪਾ ਰਾਜਸਥਾਨ ਦੇ ਆਗੂ ਸੰਦੀਪ ਦਾਇਮਾ ਖ਼ਿਲਾਫ਼ ਸੈਕਟਰ-39 ਥਾਣੇ ਵਿੱਚ ਪੁਲੀਸ ਸ਼ਿਕਾਇਤ ਦਰਜ ਕਰਵਾਈ ਹੈ। ਜੈ ਇੰਦਰ ਕੌਰ ਤੋਂ ਇਲਾਵਾ ਭਾਜਪਾ ਦੇ ਨੁਮਾਇੰਦਿਆਂ ਵਿੱਚ ਪੰਜਾਬ ਭਾਜਪਾ ਓਬੀਸੀ ਮੋਰਚਾ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ, ਭਾਜਪਾ ਪੰਜਾਬ ਦੇ ਸਕੱਤਰ ਕੰਵਰ ਸਿੰਘ ਟੌਹੜਾ, ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਅਤੇ ਐਡਵੋਕੇਟ ਹਰਨੀਤ ਸਿੰਘ ਸ਼ਾਮਲ ਸਨ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿਲਾ ਮੋਰਚਾ ਪ੍ਰਧਾਨ ਨੇ ਕਿਹਾ, “ਰਾਜਸਥਾਨ ਦੇ ਆਗੂ ਸੰਦੀਪ ਦਾਇਮਾ ਵੱਲੋਂ ਸਾਡੇ ਪਵਿੱਤਰ ਗੁਰਦੁਆਰਿਆਂ ਅਤੇ ਮਸਜਿਦਾਂ ਵਿਰੁੱਧ ਕੀਤੀ ਗਈ ਅਸੰਵੇਦਨਸ਼ੀਲ ਨਫ਼ਰਤ ਭਰੀ ਟਿੱਪਣੀ ਨੇ ਸਾਡੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਇਸ ਨੂੰ ਸਿਰਫ਼ ਮੁਆਫ਼ੀ ਨਾਲ ਮੁਆਫ਼ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਅੱਜ ਅਸੀਂ ਉਕਤ ਆਗੂ ਖਿਲਾਫ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੰਗ ਕੀਤੀ ਹੈ ਕਿ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।''
ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੇ ਅੱਗੇ ਕਿਹਾ, "ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਦੀ ਅਗਵਾਈ ਵਾਲੀ ਲੀਡਰਸ਼ਿਪ ਪਹਿਲਾਂ ਹੀ ਸੰਦੀਪ ਦਾਇਮਾ ਦੇ ਪਾਰਟੀ ਵਿੱਚ ਰਹਿਣ ਦੇ ਵਿਰੋਧ ਵਿੱਚ ਕੇਂਦਰੀ ਲੀਡਰਸ਼ਿਪ ਨੂੰ ਜਾਣੂ ਕਰਵਾ ਚੁੱਕੀ ਹੈ ਅਤੇ ਮੈਂ ਇੱਕ ਵਾਰ ਫਿਰ ਉਨ੍ਹਾਂ ਨੂੰ ਉਸ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਪਾਰਟੀ ਤੋਂ ਤੁਰੰਤ ਬਰਖਾਸਤ ਕਰਨ ਦੀ ਅਪੀਲ ਕਰਦੀ ਹਾਂ।" ਉਨ੍ਹਾਂ ਨੇ ਅੱਗੇ ਕਿਹਾ, "ਇਸ ਸੰਦੀਪ ਦਾਇਮਾ ਨੇ ਜਾਣਬੁੱਝ ਕੇ ਦੇਸ਼ ਦੇ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਨ ਲਈ ਅਜਿਹਾ ਬਿਆਨ ਦਿੱਤਾ ਹੈ ਅਤੇ ਇਸ ਨੂੰ ਸਿਰਫ਼ ਮੁਆਫ਼ੀ ਮੰਗ ਕੇ ਭੱਜਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਭਾਰਤ ਵਰਗੇ ਦੇਸ਼ ਵਿੱਚ ਅਜਿਹੀ ਨਫ਼ਰਤ ਦੀ ਕੋਈ ਥਾਂ ਨਹੀਂ ਹੈ, ਜੋ ਸਾਰਿਆਂ ਧਰਮ ਅਤੇ ਵਿਸ਼ਵਾਸ ਦਾ ਸਤਿਕਾਰ ਕਰਦਾ ਹੈ।" ਇੱਕ ਮੀਡੀਆ ਸਵਾਲ ਦਾ ਜਵਾਬ ਦਿੰਦਿਆਂ ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ, “ਸਾਡੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਸ਼ਾਮਲ ਹਨ, ਨੇ ਇਸ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਇਹ ਭਾਜਪਾ ਹੀ ਹੈ ਜਿਸ ਨੇ ਇਸ ਗਲਤੀ ਨੂੰ ਉਭਾਰਨ ਦੀ ਪਹਿਲ ਕੀਤੀ ਹੈ। ਅਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਾਂਗ ਨਹੀਂ ਹਾਂ ਜੋ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਕਮਲ ਨਾਥ ਦੀ ਪ੍ਰਸ਼ੰਸਾ ਕਰ ਰਹੇ ਹਨ, ਅਸੀਂ ਆਪਣੀ ਪਾਰਟੀ ਦੇ ਲੀਡਰ ਦੀ ਗਲਤ ਹਰਕਤ ਖ਼ਿਲਾਫ਼ ਆਵਾਜ਼ ਉਠਾਈ ਹੈ ਅਤੇ ਉਸਦੇ ਖਿਲਾਫ ਕੇਸ ਦਾਇਰ ਕੀਤਾ ਹੈ ਅਤੇ ਉਸਨੂੰ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਵੀ ਕੀਤੀ ਹੈ।" ਬਾਅਦ ਵਿੱਚ ਜੈ ਇੰਦਰ ਕੌਰ ਨੇ ਸੰਦੀਪ ਦਾਇਮਾ ਨੂੰ ਪਾਰਟੀ ਵਿੱਚੋਂ ਕੱਢਣ ਲਈ ਭਾਜਪਾ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ।