ਅੱਜ ਦਿੱਲੀ ਵਿਚ 4.16 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਅਨੁਸਾਰ 5.6 ਮਾਪੇ ਗਈ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਨੇਪਾਲ ਸੀ। ਇਹ ਪਤਾ ਲਗਿਆ ਹੈ ਕਿ ਭੂਚਾਲ ਦੇ ਝਟਕੇ ਉਤਰ ਪ੍ਰਦੇਸ਼ ਅਤੇ ਉਤਰਾਖੰਡ ਤੱਕ ਮਹਿਸੂਸ ਕੀਤੇ ਗਏ ਹਨ। ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ 4 ਨਵੰਬਰ ਰਾਤ ਸਮਾਂ 11.32 ਵਜੇ ਨੇਪਾਲ ਵਿਚ 6.4 ਦੀ ਤੀਬਰਤਾ ਦਾ ਭੂਚਾਲ ਆਇਆ ਸੀ ਜਿਸ ਕਾਰਨ 157 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਇਸ ਤੋਂ ਇਲਾਵਾ ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤ ਵਿੱਚ ਆਏ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨ ਜਾਂ ਮਾਲੀ ਨੁਕਸਾਨ ਹੋਣ ਦੀ ਕੋਈ ਖ਼ਬਰ ਪ੍ਰਾਪਤ ਨਹੀਂ ਹੋਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਰਾਵਲੀ ਪਰਬਤ ਲੜੀ ਦੇ ਪੂਰਬ ਵਿੱਚ ਇਕ ਫ਼ਾਲਟ ਲਾਈਟ ਹੈ। ਇਹ ਲਾਈਨ ਰਾਜਸਥਾਨ ਦੇ ਪੂਰਬੀ ਤੱਟ ਤੋਂ ਹੋ ਕੇ ਧਰਮਸ਼ਾਲਾ ਪਹੁੰਚਦੀ ਹੈ। ਇਸ ਵਿੱਚ ਰਾਜਸਥਾਨ ਦੇ ਜੈਪੁਰ, ਅਜਮੇਰ, ਭਰਤਪੁਰ ਦੇ ਖੇਤਰ ਸ਼ਾਮਲ ਹਨ। ਅਰਾਵਲੀ ਦੀਆਂ ਪਹਾੜੀਆਂ ਵਿੱਚ ਦਰਾਰਾਂ ਵਿੱਚ ਹਰਕਤ ਸ਼ੁਰੂ ਹੋਣ ਕਾਰਨ ਇਸ ਤਰ੍ਹਾਂ ਦੇ ਮਹਿਸੂਸ ਕੀਤੇ ਜਾਂਦੇ ਰਹਿਣਗੇ।