ਐਸ.ਏ.ਐਸ.ਨਗਰ :- ਐਸ ਏ ਐਸ ਨਗਰ ਵਿੱਚ ਸੀ ਐਮ ਦੀ ਯੋਗਸ਼ਾਲਾ, ਫੇਜ਼-2 ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਰੋਜ਼ਾਨਾ ਸੈਸ਼ਨ (ਯੋਗਾ ਕਲਾਸ) ਦੇ ਅੰਕੜੇ 60 ਨੂੰ ਪਾਰ ਕਰ ਗਏ ਹਨ ਅਤੇ ਇੱਕ ਦਿਨ ਲਾਏ ਗਏ ਸੈਸ਼ਨਾਂ ਦੀ ਗਿਣਤੀ ਸਭ ਤੋਂ ਵੱਧ ਗਿਣਤੀ 64 ਤੇ ਪੁੱਜ ਚੁੱਕੀ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਅੱਗੇ ਕਿਹਾ ਕਿ ਹਰੇਕ ਸੈਸ਼ਨ ਵਿੱਚ ਘੱਟੋ-ਘੱਟ 25 ਵਿਅਕਤੀਆਂ ਦੀ ਭਾਗੀਦਾਰੀ ਹੁੰਦੀ ਹੈ ਅਤੇ ਯੋਗ ਸੈਸ਼ਨਾਂ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਮਾਰਗਦਰਸ਼ਨ ਕਰਨ ਲਈ ਸਾਡੇ ਕੋਲ ਇੱਥੇ 12 ਕੋਚ ਹਨ, ਜਿਨ੍ਹਾਂ ਨੂੰ ਰੋਜ਼ਾਨਾ ਪ੍ਰਤੀ ਕੋਚ ਪੰਜ ਸੈਸ਼ਨ (ਯੋਗਾ ਕਲਾਸ) ਲਾਉਣ ਦਾ ਟੀਚਾ ਦੀਆਂ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਬਜ਼ੁਰਗਾਂ ਦੀ ਗਿਣਤੀ ਵਧੇਰੇ ਹੈ ਕਿਉਂਕਿ ਉਹ ਮਨੋਰੰਜਨ ਗਤੀਵਿਧੀਆਂ ਦੇ ਸਰੋਤ ਵਜੋਂ ਅਤੇ ਆਪਣੀ ਇੱਕਲਤਾ ਤੇ ਕਾਬੂ ਪਾਉਣ ਲਈ ਕਲਾਸਾਂ ਵਿੱਚ ਆਉਣਾ ਬਿਹਤਰ ਮਹਿਸੂਸ ਕਰਦੇ ਹਨ। ਕਿਉਂ ਜੋ ਸੈਸ਼ਨਾਂ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਹੁੰਦਾ ਹੈ, ਇਸ ਲਈ ਇਹ ਭਾਗੀਦਾਰਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਸਹੂਲਤ ਅਨੁਸਾਰ ਸੈਸ਼ਨ ਵਿਚ ਸ਼ਾਮਲ ਹੋਣ।
ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਤੋਂ ਇਲਾਵਾ ਔਰਤਾਂ ਵੀ ਯੋਗ ਆਸਣ ਕਰ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਨਿਯਮਿਤ ਤੌਰ 'ਤੇ ਸੈਸ਼ਨਾਂ ਵਿੱਚ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵੀ ਆਪਣੇ ਉਪਲਬਧ ਸਮੇਂ ਅਨੁਸਾਰ ਸੈਸ਼ਨਾਂ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, "ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋਣ ਲਈ ਕੋਈ ਬੰਧਨ ਜਾਂ ਕੋਈ ਫੀਸ ਨਹੀਂ ਹੈ, ਸੈਸ਼ਨ ਪੂਰੀ ਤਰ੍ਹਾਂ ਲੋਕਾਂ ਨੂੰ ਕੁਝ ਸਮੇਂ ਦਾ ਧਿਆਨ ਲਾ ਕੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕਰਨ ਦੇ ਸੰਕਲਪ 'ਤੇ ਅਧਾਰਤ ਹਨ।" ਜਿਵੇਂ ਕਿ ਪਾਰਕਾਂ ਅਤੇ ਖੁੱਲੇ ਖੇਤਰਾਂ ਨੂੰ ਵੀ ਯੋਗਾ ਸੈਸ਼ਨਾਂ ਲਈ ਸਥਾਨਾਂ ਵਜੋਂ ਵਰਤਿਆ ਜਾ ਰਿਹਾ ਹੈ, ਇਸ ਲਈ ਅਸੀਂ ਕੀੜੇ-ਮਕੌੜਿਆਂ ਅਤੇ ਮੱਛਰਾਂ ਨੂੰ ਦੂਰ ਕਰਨ ਲਈ ਸਫਾਈ ਅਤੇ ਫੋਗਿੰਗ ਵਰਗਾ ਸਹਿਯੋਗ ਪ੍ਰਦਾਨ ਕਰਕੇ ਸੈਸ਼ਨਾਂ ਨੂੰ ਸੁਵਿਧਾਵਾਂ ਪ੍ਰਦਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕਿਉਂਕਿ ਜ਼ਿਆਦਾਤਰ ਭਾਗੀਦਾਰ ਔਰਤਾਂ ਅਤੇ ਬਜ਼ੁਰਗ ਵਰਗ ਨਾਲ ਸਬੰਧਤ ਹਨ, ਇਸ ਲਈ ਕਲਾਸਾਂ ਵਿਚਾਲੇ ਛੱਡਣ ਦੀ ਦਰ ਵੀ ਬਹੁਤ ਘੱਟ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਕਿਸੇ ਵੀ ਦਿਨ ਸੈਸ਼ਨ ਚ ਦੁਬਾਰਾ ਜੁੜਨ ਦੀ ਲਚਕਤਾ, ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਤੇ ਧਿਆਨ ਨਾਲ ਜੋੜਨਾ ਵੀ ਸਾਡੇ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਸੈਸ਼ਨ ਵਿੱਚ ਸੰਪਰਕ ਕਰਨ ਅਤੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਯਤਨਾਂ ਦਾ ਹਿੱਸਾ ਬਣਨ।