ਐਸ.ਏ.ਐਸ. ਨਗਰ : ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ‘ਘਰ-ਘਰ ਰੋਜ਼ਗਾਰ’ ਸਕੀਮ ਤਹਿਤ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜਿ਼ਲ੍ਹਾ ਐਸ. ਏ. ਐਸ. ਨਗਰ (ਮੋਹਾਲੀ) ਵਿਖੇ 7ਵਾਂ ਮੈਗਾ ਰੋਜ਼ਗਾਰ ਮੇਲਾ 22 ਅਪਰੈਲ, 2021 ਤੋਂ ਆਰੰਭ ਹੋ ਰਿਹਾ ਹੈ।ਇਹ ਮੇਲਾ 30 ਅਪਰੈਲ, 2021 ਤੱਕ ਲਗਾਇਆ ਜਾਵੇਗਾ।
ਐਸ. ਏ. ਐਸ. ਨਗਰ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਗਰੀਸ਼ ਦਿਆਲਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਸਮੂਹ ਜਿ਼ਲ੍ਹਿਆਂ ‘ਚ ਇਹ ਮੇਲੇ ਮਿਤੀ 22 ਅਪਰੈਲ ਤੋਂ 30 ਅਪਰੈਲ, 2021 ਤੱਕ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਇਸ ਸਬੰਧੀ ਸਮੁੱਚੇ ਪ੍ਰਬੰਧ ਕੀਤੇ ਜਾ ਰਹੇ ਹਨ।
ਸ਼੍ਰੀ ਦਿਆਲਨ ਨੇ ਜਿ਼ਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨੌਕਰੀਆਂ ਹਾਸਲ ਕਰਨ ਲਈ ਆਪਣਾ ਨਾਂ
www.pgrkam.com ‘ਤੇ ਰਜਿਸਟਰ ਕਰਨ ਅਤੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਸ਼੍ਰੀ ਰਾਜੀਵ ਗੁਪਤਾ ਨੇ ਦੱਸਿਆ ਕਿ ਯੋਗ ਉਮੀਦਵਾਰ ਵੱਲੋਂ ਆਪਣਾ ਨਾਂ ਪੋਰਟਲ ‘ਤੇ ਦਰਜ ਕਰਨ ਉਪਰੰਤ ਹਾਲ ਟਿਕਟ ਜਨਰੇਟ ਹੋਵੇਗੀ ਅਤੇ ਉਹ ਉਮੀਦਵਾਰ ਪੰਜ ਕੰਪਨੀਆਂ ਵਿੱਚ ਇੰਟਰਵਿਊ ਦੇ ਸਕੇਗਾ। ਇਹ ਮੇਲੇ 22 ਅਪਰੈਲ ਨੂੰ ਸਰਕਾਰੀ ਕਾਲਜ, ਫੇਜ਼-6, 23 ਅਪਰੈਲ ਨੂੰ ਰਾਇਤ ਬਾਹਰਾ ਕਾਲਜ, 26 ਅਪਰੈਲ ਨੂੰ ਸਰਕਾਰੀ ਕਾਲਜ ਡੇਰਾਬੱਸੀ, 28 ਅਪਰੈਲ ਨੂੰ ਖਾਲਸਾ ਕਾਲਜ 3-ਏ ਅਤੇ 30 ਅਪਰੈਲ ਨੂੰ ਚੰਡੀਗੜ੍ਹ ਗਰੁੱਪ ਆਫ਼ ਕਾਲਜ, ਲਾਂਡਰਾ ਵਿਖੇ ਲਗਾਏ ਜਾ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਜਿ਼ਲ੍ਹੇ ਦੀਆਂ ਨਾਮੀ ਕੰਪਨੀਆਂ ਜਿਵੇਂ ਕਿ ਐਕਸਿਸ ਬੈਂਕ, ਆਈ.ਸੀ.ਆਈ ਬੈਂਕ, ਸਵਰਾਜ ਅਤੇ ਐਮਾਜ਼ੋਨ ਆਦਿ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਨੌਜਵਾਨ ਹਿੱਸਾ ਲੈ ਕੇ ਨੌਕਰੀਆਂ ਹਾਸਲ ਕਰ ਸਕਦੇ ਹਨ।