ਪੰਚਾਇਤ, ਡਾਕ ਤੇ ਪੈਟਰੋਲੀਅਮ ਵਿਭਾਗ ਵਲੋਂ ਸਰਕਾਰੀ ਯੋਜਨਾਵਾਂ ਬਾਰੇ ਕੀਤਾ ਜਾਗਰੂਕ
ਖਰੜ :- ਜਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ ’ਤੇ ਅੱਜ ਤੋਂ ਆਰੰਭ ਹੋਈ ‘ਵਿਕਸਤ ਭਾਰਤ ਸੰਕਲਪ ਯਾਤਰਾ’ ਤਹਿਤ ਪਿੰਡ ਅੱਲਾਪੁਰ ਵਿਖੇ ਸਰਕਾਰ ਵੱਲੋਂ ਕਮਜ਼ੋਰ ਵਰਗਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਅਤੇ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਵਲੋਂ ਕੈਂਪ ਲਗਾਇਆ ਗਿਆ। ਭਾਰਤ ਸਰਕਾਰ ਵਲੋਂ ਭੇਜੀ ਵਿਸ਼ੇਸ਼ ਜਾਗਰੂਕਤਾ ਵੈਨ ਵਲੋਂ ਸਰਕਾਰ ਦੀਆਂ 17 ਮਹੱਤਵਪੂਰਨ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਇਲਾਵਾ, ਯਾਤਰਾ ਦੌਰਾਨ ਸੰਭਾਵੀ ਲਾਭਪਾਤਰੀਆਂ ਨੂੰ ਲਾਭਕਾਰੀ ਸਕੀਮਾਂ ਦੇ ਘੇਰੇ ’ਚ ਸ਼ਾਮਲ ਕਰਨ ਦੀ ਯੋਜਨਾ ਹੈ। ਵੈਨਾਂ ਵਿਚ ਐੱਲ ਈ ਡੀ ਸਕਰੀਨ, ਪ੍ਰਚਾਰ ਸਮੱਗਰੀ ਅਤੇ ਵੀਡੀਓ ਰਾਹੀਂ 26 ਜਨਵਰੀ ਤੱਕ ਜ਼ਿਲ੍ਹੇ ਦੇ ਪਿੰਡਾਂ ਵਿਚ ਜ਼ਮੀਨੀ ਪੱਧਰ ’ਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਬਲਾਕ ਘੜੂੰਆਂ ਵਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿਚ ਲੋਕਾਂ ਦੇ ਬੀ.ਪੀ., ਸ਼ੂਗਰ ਤੇ ਖੂਨ ਦੀ ਜਾਂਚ ਕੀਤੀ ਗਈ। ਮੈਡੀਕਲ ਅਫ਼ਸਰ ਡਾ. ਮਨਮੀਤ ਕੌਰ, ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਕਮਿਊਨਿਟੀ ਹੈਲਥ ਅਫ਼ਸਰ ਮਨਪ੍ਰੀਤ ਕੌਰ, ਏ ਐਨ ਐਮ ਨਰੇਸ਼ ਰਾਣੀ, ਕੁਲਜਿੰਦਰ ਸਿੰਘ ਸਿਹਤ ਵਰਕਰ ਅਤੇ ਆਸ਼ਾ ਵਰਕਰਾਂ ਦੀ ਟੀਮ ਵਲੋਂ ਗੈਰ ਸੰਚਾਰੀ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ ਅਤੇ ਲੋਕਾਂ ਨੂੰ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਓ ਲਈ ਜਾਗਰੂਕ ਕੀਤਾ ਗਿਆ।
ਆਯੂਸ਼ਮਾਨ ਭਾਰਤ- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਿਹਤ ਬੀਮਾ ਕਾਰਡ ਬਣਾਏ ਗਏ। ਨੈਸ਼ਨਲ ਟੀ.ਬੀ. ਇਲਮੀਨੇਸ਼ਨ ਪ੍ਰੋਗਰਾਮ ਤਹਿਤ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ। ਸੰਕਲਪ ਯਾਤਰਾ ਸਬੰਧੀ ਪਿੰਡ ਵਿੱਚ ਆਸ਼ਾ ਵਰਕਰਾਂ ਦੁਆਰਾ ਪੇਂਡੂ ਸਿਹਤ ਸਫਾਈ ਕਮੇਟੀਆਂ ਅਤੇ ਜਨ ਅਰੋਗਿਆ ਸੰਮਤੀ ਮੈਂਬਰਾਂ ਨੂੰ ਸਰਕਾਰੀ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ), ਮਗਨਰੇਗਾ, ਦੀਨਦਿਆਲ ਅੰਨਤੋਦਿਆ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ, ਡਾਕ ਵਿਭਾਗ ਚੰਡੀਗੜ੍ਹ ਡਵੀਜ਼ਨ ਵਲੋਂ ਪੇਂਡੂ ਡਾਕ ਜੀਵਨ ਬੀਮਾ ਯੋਜਨਾ, ਸੁਕੰਨਿਆ ਸਮਰਿਧੀ ਯੋਜਨਾ, ਜੀਵਨ ਜਯੋਤੀ ਬੀਮਾ ਯੋਜਨਾ, ਸੁਰਕਸ਼ਾ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਗੈਸ ਤੇ ਪੈਟਰੋਲੀਅਮ ਵਿਭਾਗ ਮੋਹਾਲੀ ਵਲੋਂ ਉਜਵਲਾ ਸਕੀਮ ਤਹਿਤ ਐੱਲ ਪੀ ਜੀ ਸਿਲੰਡਰ ਮੁਹੱਈਆ ਕਰਵਾਉਣ ਬਾਰੇ ਲਾਭਪਾਤਰੀਆਂ ਨੂੰ ਜਾਗਰੂਕ ਕੀਤਾ ਗਿਆ। ਕੈਂਪ ਵਿਚ ਰਾਹੁਲ ਕੋਹਲੀ ਗ੍ਰਾਮ ਰੋਜ਼ਗਾਰ ਸਹਾਇਕ, ਰੁਪਿੰਦਰ ਕੌਰ ਕਲਸਟਰ ਕੋਆਰਡੀਨੇਟਰ, ਪਵਿੱਤਰ ਸਿੰਘ ਮੇਲ ਓਵਰਸੀਅਰ, ਊਸ਼ਾ ਰਾਣੀ ਸਰਪੰਚ, ਆਸ਼ਾ ਤੇ ਆਂਗਨਵਾੜੀ ਵਰਕਰ ਮੌਜੂਦ ਸਨ।