ਐਸ ਏ ਐਸ ਨਗਰ :- ਜ਼ਿਲ੍ਹੇ ’ਚ ਵਿਕਸਤ ਭਾਰਤ ਸੰਕਲਪ ਯਾਤਰਾ ਦੀ ਰਸਮੀ ਸ਼ੁਰੂਆਤ ਤਹਿਤ ਵੱਖ-ਵੱਖ ਬਲਾਕਾਂ ’ਚ ਸਰਕਾਰੀ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ
ਜੋ 26 ਜਨਵਰੀ 2024 ਤੱਕ ਆਮ ਲੋਕਾਂ ਨੂੰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਬਾਰੇ ਪਿੰਡ-ਪਿੰਡ ਜਾ ਕੇ ਜਾਗਰੂਕ ਕਰੇਗੀ।
ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਭਾਰਤ ਸਰਕਾਰ ਵਲੋਂ ਭੇਜੀ ਵਿਸ਼ੇਸ਼ ਜਾਗਰੂਕਤਾ ਵੈਨ ਵਲੋਂ ਸਰਕਾਰ ਦੀਆਂ 17 ਮਹੱਤਵਪੂਰਨ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਇਲਾਵਾ, ਯਾਤਰਾ ਦੌਰਾਨ ਸੰਭਾਵੀ ਲਾਭਪਾਤਰੀਆਂ ਨੂੰ ਲਾਭਕਾਰੀ ਸਕੀਮਾਂ ਦੇ ਘੇਰੇ ’ਚ ਸ਼ਾਮਲ ਕਰਨ ਦੀ ਯੋਜਨਾ ਹੈ।
ਵੈਨਾਂ ਵਿਚ ਐੱਲ ਈ ਡੀ ਸਕਰੀਨ, ਪ੍ਰਚਾਰ ਸਮੱਗਰੀ ਅਤੇ ਵੀਡੀਓ ਰਾਹੀਂ 26 ਜਨਵਰੀ ਤੱਕ ਜ਼ਿਲ੍ਹੇ ਦੇ ਪਿੰਡਾਂ ਵਿਚ ਜ਼ਮੀਨੀ ਪੱਧਰ ’ਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਲਾਭਕਾਰੀ ਯੋਜਨਾਵਾਂ ’ਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਟੀ ਬੀ ਸਕ੍ਰੀਨਿੰਗ ਕੈਂਪ, ਸਿਹਤ ਕੈਂਪ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ), ਮਗਨਰੇਗਾ, ਦੀਨਦਿਆਲ ਅੰਨਤੋਦਿਆ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ, ਪੇਂਡੂ ਡਾਕ ਜੀਵਨ ਬੀਮਾ ਯੋਜਨਾ, ਸੁਕੰਨਿਆ ਸਮਰਿਧੀ ਯੋਜਨਾ, ਜੀਵਨ ਜਯੋਤੀ ਬੀਮਾ ਯੋਜਨਾ, ਸੁਰਕਸ਼ਾ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਗੈਸ ਤੇ ਪੈਟਰੋਲੀਅਮ ਵਿਭਾਗ ਵਲੋਂ ਉਜਵਲਾ ਸਕੀਮ ਤਹਿਤ ਐੱਲ ਪੀ ਜੀ ਸਿਲੰਡਰ ਮੁਹੱਈਆ ਕਰਵਾਉਣ ਬਾਰੇ ਲਾਭਪਾਤਰੀਆਂ ਨੂੰ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ’ਚ ਡੇਰਾਬੱਸੀ ਬਲਾਕ ’ਚ ਸਿਹਪੁਰ, ਰਾਣੀ ਮਾਜਰਾ, ਮਾਜਰੀ ਬਲਾਕ ’ਚ ਅਕਾਲਗੜ੍ਹ, ਖਰੜ ਬਲਾਕ ’ਚ ਅੱਲਾਂਪੁਰ ਤੇ ਘਟੌਰ ਤੇ ਮੋਹਾਲੀ ’ਚ ਧੱਕਤਾਣਾ ਪਿੰਡਾਂ ’ਚ ਗਤੀਵਿਧੀਆਂ ਕੀਤੀਆਂ ਗਈਆਂ।
ਵਧੀਕ ਡਿਪਟੀ ਕਮਿਸ਼ਨਰ ਅਨੁਸਾਰ ਇਸ ਸਬੰਧ ’ਚ ਵੱਖ-ਵੱਖ ਸਕੀਮਾਂ ’ਤੇ ਆਧਾਰਿਤ ਵਿਭਾਗਾਂ ਵੱਲੋਂ ਆਪੋ-ਆਪਣੀ ਜ਼ਿੰਮੇਂਵਾਰੀ ਸੰਭਾਲੀ ਗਈ ਹੈ, ਜਿਸ ਤਹਿਤ ਆਮ ਲੋਕਾਂ ਨੂੰ ਇਨ੍ਹਾਂ ਲਾਭਕਾਰੀ ਸਕੀਮਾਂ ਦੇ ਲਾਭ ਬਾਰੇ ਦੱਸਿਆ ਜਾਵੇਗਾ।