ਐਸ.ਏ.ਐਸ.ਨਗਰ :- ਪੰਜਾਬ ਰਾਜ ਵਿੱਚ ਭਾਰਤ ਸਰਕਾਰ ਦੀਆਂ ਸਮੁੱਚੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਦੇ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵਧੀਕ ਸਕੱਤਰ ਅਲੋਕ ਸ਼ੇਖਰ ਨੇ ਪਿੰਡ ਕੁਰੜੀ ਦਾ ਨਿੱਜੀ ਤੌਰ ’ਤੇ ਦੌਰਾ ਕੀਤਾ ਅਤੇ ਵਿਕਾਸ ਭਾਰਤ ਸੰਕਲਪ ਯਾਤਰਾ ਤਹਿਤ ਲਗਾਏ ਗਏ ਕੈਂਪ ਵਿੱਚ ਇਕੱਠ ਨੂੰ ਸੰਬੋਧਨ ਕੀਤਾ।
ਵਧੀਕ ਸਕੱਤਰ ਸ਼ੇਖਰ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਆਮ ਲੋਕਾਂ ਦੀ ਜਾਗਰੂਕਤਾ ਲਈ ਆਪਣੀਆਂ ਸਕੀਮਾਂ ਨੂੰ ਕੇਂਦਰਿਤ ਕਰਦੇ ਹੋਏ ਲਗਾਏ ਗਏ ਸਾਰੇ ਸਟਾਲਾਂ ਦਾ ਦੌਰਾ ਕੀਤਾ। ਉਨ੍ਹਾਂ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕਰਨ ’ਤੇ ਤਸੱਲੀ ਪ੍ਰਗਟਾਈ।
ਉਨ੍ਹਾਂ ਇਸ ਮੌਕੇ ਹਾਜ਼ਰ ਸਮੂਹ ਸ਼ਖ਼ਸੀਅਤਾਂ ਨੂੰ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਅਤੇ ਆਮ ਲੋਕਾਂ ਦੀ ਜਾਗਰੂਕਤਾ ਲਈ ਕੱਢੀ ਗਈ ਇਸ ਯਾਤਰਾ ਵਿੱਚ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੀ ਪ੍ਰਚਾਰ ਕਰਨ ਦਾ ਸੁਝਾਅ ਦਿੱਤਾ।
ਸਮਾਗਮ ਵਿੱਚ ਏ.ਡੀ.ਸੀ.(ਡੀ) ਸ੍ਰੀਮਤੀ ਸੋਨਮ ਚੌਧਰੀ ਨੇ ਵੀ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਸਕੀਮਾਂ ਦਾ ਸਹੀ ਤਰੀਕੇ ਨਾਲ ਲਾਭ ਉਠਾਉਣ ਕਿਉਂਕਿ ਵਿਕਾਸ ਭਾਰਤ ਸੰਕਲਪ ਯਾਤਰਾ 26 ਜਨਵਰੀ, 2024 ਤੱਕ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਕਵਰ ਕਰੇਗੀ।
ਲੀਡ ਜ਼ਿਲ੍ਹਾ ਮੈਨੇਜਰ, ਪੀਐਨਬੀ, ਮੋਹਾਲੀ, ਐਮ ਕੇ ਭਾਰਦਵਾਜ ਨੇ ਬੈਂਕਾਂ ਦੁਆਰਾ ਚਲਾਈਆਂ ਜਾ ਰਹੀਆਂ ਵਿੱਤੀ ਲਾਭਕਾਰੀ ਸਕੀਮਾਂ ਜਿਵੇਂ ਕਿ ਪੀ.ਐਮ.ਐਸ.ਬੀ.ਵਾਈ., ਪੀ.ਐਮ.ਜੇ.ਜੇ.ਬੀ.ਵਾਈ ਅਤੇ ਅਟਲ ਪੈਨਸ਼ਨ ਯੋਜਨਾ ਬਾਰੇ ਜਾਣੂ ਕਰਵਾਇਆ ਜੋ ਕਿ ਇਸ ਚਲ ਰਹੀ ਮੁਹਿੰਮ ਦਾ ਹਿੱਸਾ ਹਨ। ਬਹੁਤ ਸਾਰੇ ਲੋਕਾਂ ਨੇ ਸਮਾਜਿਕ ਸੁਰੱਖਿਆ ਸਕੀਮਾਂ ਲਈ ਮੌਕੇ ’ਤੇ ਹੀ ਆਪਣਾ ਨਾਮ ਦਰਜ ਕਰਵਾਇਆ। ਪੈਟਰੋਲੀਅਮ ਕੰਪਨੀਆਂ ਦੇ ਨੁਮਾਇੰਦਿਆਂ ਨੇ ਵੀ ਲੋਕਾਂ ਨੂੰ ਪ੍ਰਧਾਨ ਮੰਤਰੀ ਉਜਵਲਾ ਸਕੀਮ ਬਾਰੇ ਜਾਗਰੂਕ ਕੀਤਾ ਅਤੇ ਲੋਕਾਂ ਨੇ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ।
ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਕਾਰਡ ਲਈ ਯੋਗ ਵਿਅਕਤੀਆਂ ਦਾ ਮੌਕੇ ’ਤੇ ਹੀ ਨਾਮ ਦਰਜ ਕਰਵਾਇਆ ਗਿਆ ਅਤੇ ਲੋਕਾਂ ਦੀ ਵੱਖ-ਵੱਖ ਬਿਮਾਰੀਆਂ ਦੀ ਜਾਂਚ ਵੀ ਕੀਤੀ ਗਈ। ਸਮਾਗਮ ਦੌਰਾਨ ਪਿੰਡ ਦੇ ਸਰਪੰਚ ਛੱਜਾ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਅਧਿਕਾਰੀਆਂ ਦਾ ਸਵਾਗਤ ਕੀਤਾ। ਸਨਜੀਤ ਕੌਂਡਲ ਡਿਪਟੀ ਸਰਕਲ ਹੈੱਡ ਪੀ.ਐਨ.ਬੀ.ਮੋਹਾਲੀ ਨੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਮੂਹ ਪਤਵੰਤਿਆਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ। ਕੈਂਪ ਦੌਰਾਨ ਪਿੰਡ ਵਾਸੀਆਂ ਨੇ ਐਲ.ਈ.ਡੀ ਵੈਨ ਰਾਹੀਂ ਸਰਕਾਰੀ ਸਕੀਮਾਂ ਅਤੇ ਡਰੋਨ ਰਾਹੀਂ ਨੈਨੋ ਯੂਰੀਆ ਦੇ ਛਿੜਕਾਅ ਦੀ ਡਰਿੱਲ ਵੀ ਦੇਖੀ।
ਖੇਤੀਬਾੜੀ ਸਬੰਧੀ ਸਰਕਾਰ ਦੀਆਂ ਲਾਭਕਾਰੀ ਯੋਜਨਾਵਾਂ ਬਾਰੇ ਨਾਬਾਰਡ ਦੇ ਡੀਡੀਐਮ ਮੁਨੀਸ਼ ਗੁਪਤਾ, ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ ਦੇ ਫਾਇਦੇ ਬਾਰੇ ਸਿਹਤ ਵਿਭਾਗ ਦੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਖੇਤੀਬਾੜੀ ਕਰਜ਼ਾ ਯੋਜਨਾਵਾਂ ਤੇ ਮੁਦਰਾ ਸਬੰਧੀ ਪੀਐਨਬੀ ਦੇ ਡਿਪਟੀ ਸਰਕਲ ਹੈਡ ਸਨਜੀਤ ਕੋਂਡਲ ਅਤੇ ਸੈਲਫ ਹੈਲਪ ਗਰੁੱਪ ਵਲੋਂ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ।ਇਸ ਮੌਕੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਹੂਜਾ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ, ਡੀ.ਐਚ.ਓ. ਸੁਭਾਸ਼ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ, ਐਨ.ਐਫ.ਐਲ ਦੇ ਮੈਨੇਜਰ ਗਗਨਦੀਪ ਸਿੰਘ, ਪਿੰਡ ਤੰਗੋਰੀ ਦੇ ਅਧਿਕਾਰਤ ਪੰਚ ਕੁਲਵਿੰਦਰ ਕੌਰ ਅਤੇ ਹੋਰ ਅਧਿਕਾਰੀ ਕਰਮਚਾਰੀ ਮੌਜੂਦ ਸਨ।