ਡੇਰਾਬੱਸੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ 43 ਸ਼ਰਧਾਲੂਆਂ ਦੇ 7ਵੇਂ ਜਥੇ ਨੂੰ ਰਾਮ ਮੰਦਰ ਡੇਰਾਬੱਸੀ ਤੋਂ ਸਾਲਾਸਰ ਧਾਮ- ਖਾਟੂ ਸ਼ਿਆਮ ਧਾਮ ਲਈ ਰਵਾਨਾ ਕੀਤਾ। ਦੋ ਦਿਨ ਚੱਲਣ ਵਾਲੀ ਇਸ ਯਾਤਰਾ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸ਼ਰਧਾਲੂਆਂ ਵਿੱਚ ਖੁਸ਼ੀ ਦਾ ਮਾਹੌਲ ਸੀ, ਕਿਉਂਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਫ਼ਤ ਵਿੱਚ ਤੀਰਥ ਯਾਤਰਾ 'ਤੇ ਜਾਣ ਦਾ ਮੌਕਾ ਦਿੱਤਾ ਗਿਆ ਸੀ। ਹਰੇਕ ਸ਼ਰਧਾਲੂ ਨੂੰ ਇੱਕ ਕੰਬਲ, ਸਿਰਹਾਣਾ ਅਤੇ ਬੈੱਡ ਸ਼ੀਟ ਕਿੱਟ ਤੋਂ ਇਲਾਵਾ ਇੱਕ ਟਾਇਲਟਰੀ ਕਿੱਟ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਰਾਤ ਦੇ ਠਹਿਰਾਅ ਦੌਰਾਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਰਾਤ ਦੇ ਠਹਿਰਨ ਦਾ ਪ੍ਰਬੰਧ ਸਾਲਾਸਰ ਧਾਮ ਵਿਖੇ ਕੀਤਾ ਗਿਆ ਹੈ।
ਤਹਿਸੀਲਦਾਰ ਡੇਰਾਬੱਸੀ ਕੁਲਦੀਪ ਸਿੰਘ ਨੇ ਪਰਮਜੀਤ ਸਿੰਘ ਰੰਧਾਵਾ (ਵਿਧਾਇਕ ਡੇਰਾਬੱਸੀ ਦੇ ਭਰਾ ਕੁਲਜੀਤ ਸਿੰਘ ਰੰਧਾਵਾ) ਦੀ ਹਾਜ਼ਰੀ ਵਿੱਚ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਦੱਸਿਆ ਕਿ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਤੋਂ ਬਚਣ ਲਈ ਬੱਸ ਵਿੱਚ ਸਵਾਰ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਦੀ ਸਿਹਤ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇੱਕ ਨੇਕ ਉਪਰਾਲੇ ਵਜੋਂ ਸ਼ੁਰੂ ਕੀਤੀ ਗਈ ਇਹ ਯਾਤਰਾ ਉਨ੍ਹਾਂ ਲੋਕਾਂ ਨੂੰ ਚੰਗਾ ਮੌਕਾ ਪ੍ਰਦਾਨ ਕਰ ਰਹੀ ਹੈ, ਜੋ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਦੀ ਪ੍ਰਬਲ ਇੱਛਾ ਰੱਖਦੇ ਸਨ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਨਹੀਂ ਸਨ ਜਾ ਸਕੇ। ਤੀਰਥ ਯਾਤਰਾ ਦਾ ਮੌਕਾ ਪ੍ਰਾਪਤ ਕਰਨ ਵਾਲੇ ਸ਼ਰਧਾਲੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕਰਨ ਲਈ ਧੰਨਵਾਦ ਕੀਤਾ, ਜਿਸ ਨਾਲ ਉਨ੍ਹਾਂ ਨੂੰ ਆਰਾਮਦਾਇਕ ਸੁਵਿਧਾ ਪ੍ਰਦਾਨ ਕਰਕੇ ਬਿਨਾਂ ਕੋਈ ਪੈਸਾ ਖਰਚ ਕੀਤੇ ਉਨ੍ਹਾਂ ਦੇ ਮਨਪਸੰਦ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਦੀ ਸਹੂਲਤ ਦਿੱਤੀ ਗਈ ਹੈ।