ਚੰਡੀਗੜ੍ਹ : ਪੰਜਾਬ ਵਿੱਚ ਕੜਾਕੇ ਦੀ ਠੰਡ ਜਾਰੀ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ ਤਿੰਨ ਤੋਂ ਚਾਰ ਡਿਗਰੀ ਦਾ ਫ਼ਰਕ ਹੈ। ਪੰਜਾਬ, ਹਰਿਆਣਾ ਚੰਡੀਗੜ੍ਹ ‘ਚ ਸੀਤ ਲਹਿਰ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਪੱਛਮੀ ਗੜਬੜੀ ਕਰਕੇ ਤਿੰਨਾਂ ਥਾਂਵਾਂ ‘ਤੇ ਮੀਂਹ ਦੇ ਆਸਾਰ ਵੀ ਬਣੇ ਹੋਏ ਹਨ। ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਦੇ ਕੁਝ ਜ਼ਿਲਿਆਂ ਵਿੱਚ ਸੰਘਣੀ ਧੁੰਦ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਦੇ ਨਾਲ ਨਾਲ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ, ਹੁਸ਼ਿਆਰਪੁਰ, ਰੂਪਨਗਰ, ਅਤੇ ਮੋਹਾਲੀ ‘ਚ ਅੱਜ ਯਾਨੀ ਮੰਗਲਵਾਰ 25 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ।
ਸੋਮਵਾਰ ਨੂੰ ਦਿਨ ਦਾ ਤਾਪਮਾਨ ਆਮ ਨਾਲੋਂ 9.2 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਮੁਤਾਬਕ 10 ਜਨਵਰੀ ਤੋਂ ਧੁੰਦ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਕੁਝ ਥਾਂਵਾਂ ‘ਤੇ ਹਲਕੀ ਧੁੱਪ ਵੀ ਆ ਸਕਦੀ ਹੈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਉਥੇ ਹੀ ਸੰਘਣੀ ਧੁੰਦ ਕਰਕੇ ਗੱਡੀਆਂ ਧਿਆਨ ਨਾਲ ਚਲਾਉਣ ਦੀ ਹਿਦਾਇਤ ਦਿੱਤੀ ਜਾ ਰਹੀ ਹੈ। ਮੋਹਾਲੀ ‘ਚ ਸੰਘਣੀ ਧੁੰਦ ਸੜਕਾਂ ‘ਤੇ ਵਾਹਨ ਚਾਲਕਾਂ ਲਈ ਕਾਲ ਬਣ ਰਹੀ ਹੈ। ਧੁੰਦ ਕਾਰਨ ਜ਼ਿਲ੍ਹੇ ਵਿੱਚ ਵਾਪਰੇ ਤਿੰਨ ਵੱਖ ਵੱਖ ਸੜਕ ਹਾਦਸਿਆਂ ਵਿੱਚ ਇੱਕ ਨੌਜਵਾਨ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈੇ।