ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮਾਜਰੀ ਬਲਾਕ ਦੇ ਆਸ-ਪਾਸ ਪੈਂਦੇ ਜ਼ਿਲ੍ਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੇਂਡੂ ਵਿਦਿਆਰਥੀਆਂ ਨੂੰ ਆਧੁਨਿਕ ਹੁਨਰੀ ਸਿਖਲਾਈ ਦੀ ਸਹੂਲਤ ਦੇਣ ਲਈ ਉਦਯੋਗਿਕ ਸਿਖਲਾਈ ਸੰਸਥਾ ਮਾਣਕਪੁਰ ਸ਼ਰੀਫ਼ ਨੂੰ ਅਤਿ ਆਧੁਨਿਕ ਸਿਖਲਾਈ ਸੰਸਥਾ-ਕਮ-ਹੁਨਰ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਸ਼੍ਰੀਮਤੀ ਜੈਨ ਅੱਜ ਇੱਥੇ ਆਈ.ਟੀ.ਆਈ. ਦਾ ਦੌਰਾ ਕਰਨ ਆਏ ਸਨ। ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਸ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਆਈ.ਟੀ.ਆਈ. ਨੂੰ ਵਰਕਸ਼ਾਪਾਂ ਵਿੱਚ ਸਿਖਲਾਈ ਮਸੀਨਰੀ ਲਗਾਉਣ ਲਈ 1.28 ਕਰੋੜ ਰੁਪਏ ਦੇ ਫੰਡ ਮਨਜ਼ੂਰ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰੇ ਦਾ ਉਦੇਸ਼ ਸਥਾਨਕ ਪੱਧਰ ਦੇ ਮੁੱਦਿਆਂ ਜਿਵੇਂ ਕਿ ਜ਼ਮੀਨ ਪੱਧਰੀ ਕਰਨ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਲੱਭਣਾ ਸੀ। ਉਨ੍ਹਾਂ ਕਿਹਾ ਕਿ ਉਦਯੋਗਾਂ ਦੀ ਲੋੜ ਅਨੁਸਾਰ ਕੋਰਸਾਂ ਨੂੰ ਡਿਜ਼ਾਈਨ ਕਰਨ ਅਤੇ ਚਲਾਉਣ ਲਈ ਸਥਾਨਕ ਉਦਯੋਗਪਤੀਆਂ 'ਤੇ ਅਧਾਰਤ ਸਥਾਨਕ ਪ੍ਰਬੰਧਨ ਕਮੇਟੀ (ਸੰਸਥਾਗਤ ਪ੍ਰਬੰਧਨ ਕਮੇਟੀ, ਆਈ ਐਮ ਸੀ) ਪਹਿਲਾਂ ਹੀ ਸਥਾਪਿਤ ਕੀਤੀ ਜਾ ਚੁੱਕੀ ਹੈ। ਦੂਜੇ ਸ਼ਬਦਾਂ ਵਿੱਚ, ਉਦਯੋਗਿਕ ਸਿਖਲਾਈ ਸੰਸਥਾ ਸੈਂਟਰ ਆਫ਼ ਐਕਸੀਲੈਂਸ ਵਜੋਂ ਕੰਮ ਕਰੇਗੀ। ਡਿਪਟੀ ਕਮਿਸ਼ਨਰ ਵੱਲੋਂ ਆਈ.ਐਮ.ਸੀ. ਦੇ ਮੈਂਬਰਾਂ ਨੂੰ ਵੀ ਇਸ ਸੰਸਥਾ ਨੂੰ ਚਲਾਉਣ ਅਤੇ ਪ੍ਰਫੁੱਲਿਤ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਨੌਜਵਾਨਾਂ ਨੂੰ ਹੁਨਰ ਸਿਖਾ ਕੇ ਰੋਜ਼ਗਾਰ ਦਾ ਲਾਭ ਪਹੁੰਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਇਸ ਸਮੇਂ 85 ਵਿਦਿਆਰਥੀ ਹਨ ਅਤੇ ਜਿਵੇਂ ਹੀ ਵਰਕਸ਼ਾਪਾਂ ਮੁਕੰਮਲ ਹੋਣਗੀਆਂ, ਇਹ ਗਿਣਤੀ ਹੋਰ ਵੱਧ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਸੰਸਥਾ ਜਲਦੀ ਹੀ ਇੱਕ ਮਾਡਲ ਆਈ.ਟੀ.ਆਈ. ਵਜੋਂ ਉਭਰ ਕੇ ਸਾਹਮਣੇ ਆਵੇਗੀ। ਇਸ ਮੌਕੇ ਉਨ੍ਹਾਂ ਨਾਲ ਏ ਡੀ ਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਏ ਸੀ (ਅੰਡਰ ਟਰੇਨਿੰਗ) ਡੇਵੀ ਗੋਇਲ (ਐਸਡੀਐਮ ਖਰੜ ਵਜੋਂ ਵਾਧੂ ਚਾਰਜ), ਡੀ ਡੀ ਪੀ ਓ ਅਮਰਿੰਦਰ ਪਾਲ ਸਿੰਘ ਚੌਹਾਨ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼ਿਵਪ੍ਰੀਤ ਸਿੰਘ ਤੋਂ ਇਲਾਵਾ ਸਨਅਤਕਾਰ ਹਾਜ਼ਰ ਸਨ।