ਐਮਆਰਐਫ਼ ਦੇ ਸ਼ੇਅਰਾਂ ਨੇ ਮਾਰਕੀਟ ਵਿੱਚ ਇਤਿਹਾਸ ਸਿਰਜ ਦਿੱਤਾ ਹੈ। ਜਾਣਕਾਰੀ ਅਨੁਸਾਰ ਐਮਆਰਐਫ (ਮਦਰਾਸ ਰਬਰ ਫ਼ੈਕਟਰੀ) ਦੇ ਸਟਾਕ ਨੇ ਬੁੱਧਵਾਰ ਨੂੰ ਕਾਰੋਬਾਰੀ ਪੱਧਰ ’ਤੇ 1.5 ਲੱਖ ਰੁਪਏ ਦਾ ਰਿਕਾਰਡ ਅੰਕੜਾ ਪਾਰ ਕਰ ਲਿਆ ਹੈ। ਐਮ.ਆਰ.ਐਫ਼. ਭਾਰਤੀ ਬਾਜ਼ਾਰ ਵਿੱਚ ਟਾਇਰ ਬਣਾਉਣ ਵਾਲੀ ਮਲਟੀਨੈਸ਼ਨਲ ਕੰਪਨੀ ਵਜੋਂ ਜਾਣੀ ਜਾਂਦੀ ਹੈ।
ਬੀਤੇ ਮੰਗਲਵਾਰ ਨੂੰ ਐਮ.ਆਰ.ਐਫ਼. ਦਾ ਸ਼ੇਅਰ 1,36,684 ਰੁਪਏ ’ਤੇ ਬੰਦ ਹੋਇਆ ਸੀ। ਪਿਛਲੇ ਇਕ ਸਾਲ ਵਿੱਚ ਇਸ ਸ਼ੇਅਰ ਵਿੱਚ ਜ਼ਬਰਦਸਤ ਤੇਜ਼ੀ ਵੇਖਣ ਨੂੰ ਮਿਲੀ ਹੈ। ਇਕ ਸਾਲ ਵਿਚ ਇਹ ਸਟਾਕ ਕਰੀਬ 50 ਫ਼ੀ ਸਦੀ ਚੜਿ੍ਹਆ ਹੈ। ਬੀਤੇ ਛੇ ਮਹੀਨਿਆਂ ਵਿੱਚ ਐਮ.ਆਰ.ਐਫ਼. ਨੇ ਆਪਣੇ ਨਿਵੇਸ਼ਕਾਂ ਨੂੰ 31.64 ਫ਼ੀ ਸਦੀ ਅਤੇ ਇਕ ਮਹੀਨੇ ਵਿੱਚ 12.71 ਫ਼ੀ ਸਦੀ ਦੀ ਰਿਟਰਨ ਦਿੱਤੀ ਹੈ।
ਜੇਕਰ ਐਮ.ਆਰ.ਐਫ਼. ਦੇ ਸ਼ੇਅਰਾਂ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਸਾਲ 2000 ਵਿੱਚ ਐਮ.ਆਰ.ਐਫ਼. ਦਾ ਸ਼ੇਅਰ 1000 ਰੁਪਏ ਸੀ ਅਤੇ 2014 ਵਿੱਚ ਇਸ ਦਾ ਸ਼ੇਅਰ 25,000 ਰੁਪਏ ਦਾ ਹੋ ਗਿਆ ਸੀ ਅਤੇ ਸਾਲ 2016 ਵਿੱਚ ਐਮ.ਆਰ.ਐਫ਼. ਦੇ ਸ਼ੇਅਰ 50,000 ਰੁਪਏ ’ਤੇ ਪਹੁੰਚ ਗਏ ਸਨ। ਜਦਕਿ 2024 ਵਿੱਚ ਇਨ੍ਹਾਂ ਦੀ ਕੀਮਤ 1.5 ਲੱਖ ਰੁਪਏ ਹੋ ਗਈ ਹੈ ਜੋ ਕਿ ਆਪਣੇ ਆਪ ਵਿੱਚ ਰਿਕਾਰਡ ਵਾਧਾ ਹੈ। ਜੇਕਰ ਕੰਪਨੀ ਦੇ ਪਿਛੋਕੜ ਵੱਲ ਝਾਤ ਮਾਰੀ ਜਾਵੇ ਤਾਂ ਕੰਪਨੀ ਨੇ 1946 ਵਿੱਚ ਗੁਬਾਰੇ ਬਣਾਉਣ ਨਾਲ ਆਪਣੀ ਸ਼ੁਰੂਆਤ ਕੀਤੀ ਸੀ ਅਤੇ 1960 ਵਿੱਚ ਕੰਪਨੀ ਨੇ ਟਾਇਰ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਹੁਣ ਐਮ.ਆਰ.ਐਫ਼. ਕੰਪਨੀ ਭਾਰਤੀ ਦੀ ਸੱਭ ਤੋਂ ਵੱਡੀ ਟਾਇਰ ਬਣਾਉਣ ਵਾਲੀ ਕੰਪਨੀ ਵਜੋਂ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਦੁਨੀਆਂ ਦੇ 75 ਤੋਂ ਵੀ ਜ਼ਿਆਦਾ ਦੇਸ਼ਾਂ ਵਿੱਚ ਕਾਰੋਬਾਰ ਕਰਦੀ ਹੈ।