ਡੇਰਾਬੱਸੀ : ਡੇਰਾਬੱਸੀ ਖ਼ੇਤਰ ਵਿੱਚ ਲੁੱਟਾਂ ਖੋਹਾਂ ਕਰਨ ਵਾਲੀਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਭੀੜ ਵਾਲੀ ਥਾਵਾਂ ਤੇ ਵਾਰਦਾਤਾਂ ਨੂੰ ਅੰਜਾਮ ਦੇ ਆਸਾਨੀ ਨਾਲ ਫ਼ਰਾਰ ਹੋ ਜਾਂਦੇ ਹਨ। ਅਜਿਹਾ ਮਾਮਲਾ ਅੱਜ ਦੇਰ ਸ਼ਾਮ ਬਾਜ਼ਾਰ ਵਿੱਚ ਵੇਖਣ ਨੂੰ ਮਿਲਿਆ ਜਦੋਂ ਇੱਕ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਦੁਕਾਨ ਦੇ ਬਾਹਰ ਖੜੀ ਹੋ ਮੋਬਾਈਲ ਇਸਤੇਮਾਲ ਕਰ ਰਹੀ ਸੀ। ਇਸੇ ਦੌਰਾਨ ਇੱਕ ਐਕਟੀਵਾ ਸਵਾਰ ਲੜਕੀ ਦੇ ਹੱਥ ਵਿੱਚੋ ਮੋਬਾਈਲ ਖੋਹ ਕੇ ਫ਼ਰਾਰ ਹੋ ਜਾਂਦਾ ਹੈ। ਹਾਲਾਂਕਿ ਇਹ ਵਾਰਦਾਤ ਦੁਕਾਨ ਤੇ ਲਗੇ ਸੀ ਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਰਾ ਮਲ੍ਹੀ ਮਾਰਕੀਟ ਵਿੱਚ ਸਤਿਥ ਪ੍ਰਤੀਕ ਕਲੈਕਸ਼ਨ ਤੇ ਕੰਮ ਕਰਦੀ ਲੜਕੀ ਨੈਨਸੀ ਨੇ ਦਸਿਆ ਕਿ ਸ਼ਾਮ ਨੂੰ ਓਹ ਦੁਕਾਨ ਦੇ ਬਾਹਰ ਖੜ੍ਹੀ ਆਪਣਾ ਮੋਬਾਈਲ ਇਸਤੇਮਾਲ ਕਰ ਰਹੀ ਸੀ। ਇਸੇ ਦੌਰਾਨ ਬਾਜ਼ਾਰ ਵਾਲੇ ਪਾਸੇ ਤੋ ਆਇਆ ਇੱਕ ਐਕਟੀਵਾ ਸਵਾਰ ਉਸਦੇ ਹਥੋ ਮੋਬਾਈਲ ਫੋਨ ਖੋਹ ਕੇ ਰਾਮਲੀਲ੍ਹਾ ਗਰਾਊਂਡ ਵੱਲ ਫ਼ਰਾਰ ਹੋ ਜਾਂਦਾ ਹੈ। ਜਿਸ ਥਾਂ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉੱਥੇ ਸਾਰਾ ਦਿਨ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਜਿਸ ਪਾਸੇ ਐਕਟੀਵਾ ਸਵਾਰ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋਇਆ ਹੈ, ਉਸ ਪਾਸੇ ਰਾਮਲੀਲ੍ਹਾ ਗਰਾਊਂਡ ਹੈ, ਜਿਥੇ ਹਰ ਸਮੇਂ ਜਾਮ ਦੀ ਸਤਿਥ ਬਣੀ ਰਹਿੰਦੀ ਹੈ।
ਹੈਰਾਨੀ ਦੀ ਗੱਲ ਹੈ ਕਿ ਅਜਿਹੇ ਭੀੜ ਵਾਲੀ ਥਾਂ ਤੇ ਝਪਟਮਾਰ ਵਾਰਦਾਤ ਨੂੰ ਅੰਜਾਮ ਦੇਣ ਲੱਗ ਗਏ ਹਨ। ਸ਼ਹਿਰ ਵਿੱਚ ਵਿਗੜਦੇ ਹਾਲਾਤ ਵੇਖ ਜਾਪਦਾ ਹੈ ਕਿ ਚੋਰਾਂ ਅਤੇ ਝਪਟਮਾਰਾਂ ਨੂੰ ਕਾਨੂੰਨ ਵਿਵਸਥਾ ਦਾ ਕੋਈ ਡਰ ਨਹੀਂ ਰਿਹਾ। ਦੁਕਾਨਦਾਰਾਂ ਨੇ ਰੋਸ਼ ਪ੍ਰਗਟ ਕਰਦਿਆ ਕਿਹਾ ਕਿ ਹੁਣ ਤਾਂ ਚੋਰਾਂ, ਲੁਟੇਰਿਆਂ ਨੂੰ ਥਾਂ ਥਾਂ ਖੜ੍ਹੀ ਪੁਲਿਸ ਅਤੇ ਸੀ ਸੀ ਟੀਵੀ ਕੈਮਰਿਆਂ ਦਾ ਖ਼ੌਫ਼ ਵੀ ਨਹੀਂ ਰਿਹਾ। ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆ ਦੇ ਚੇਹਰੇ ਕੈਮਰਿਆਂ ਵਿੱਚ ਕੈਦ ਹੋ ਚੁੱਕੇ ਹਨ, ਉਸਦੇ ਬਾਵਜੂਦ ਪੁਲਿਸ ਉਨ੍ਹਾ ਤਕ ਨਹੀਂ ਪਹੁੰਚ ਸਕੀ। ਆਏ ਦਿਨ ਹੁੰਦੀ ਵਾਰਦਾਤਾਂ ਨੂੰ ਵੇਖਦੇ ਦੁਕਾਨਦਾਰਾਂ ਸਮੇਤ ਸ਼ਹਿਰ ਵਾਸੀਆ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਰੋਸ਼ ਪ੍ਰਗਟ ਕਰਦਿਆ ਕਿਹਾ ਕਿ ਅੱਜ ਸ਼ਹਿਰ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਸੀ, ਥਾਂ ਥਾਂ ਤੇ ਪੁਲਿਸ ਗਸ਼ਤ ਕਰ ਰਹੀ ਸੀ, ਫ਼ੇਰ ਵੀ ਝਪਟਮਾਰ ਮੋਬਾਈਲ ਖੋਹਣ ਵਰਗੀ ਵਾਰਦਾਤ ਨੂੰ ਅੰਜਾਮ ਦੇ ਕੇ ਆਸਾਨੀ ਨਾਲ ਫ਼ਰਾਰ ਹੋ ਜਾਂਦਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਪੀੜਤ ਲੜਕੀ। ਸੀ ਸੀ ਟੀਵੀ ਕੈਮਰੇ ਵਿੱਚ ਕੈਦ ਝਪਟਮਾਰ ਲੜਕੀ ਦੇ ਹੱਥੋਂ ਮੋਬਾਈਲ ਖੋਹ ਕੇ ਫ਼ਰਾਰ ਹੁੰਦੇ ਹੋਏ।