ਚੰਡੀਗੜ : ਕੋਵਿਡ-19 (Covid-19) ਦੇਰੀਜਾਂ ਲਈ ਮੈਡੀਕਲ ਆਕਸੀਜਨ ਦੀ ਕਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸੂਬੇ ਲਈ ਨਿਰਵਿਘਨ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ ਜਿਸ ਵਿੱਚ ਰੋਜ਼ਾਨਾ ਘੱਟੋ-ਘੱਟ 120 ਐਮ.ਟੀ. ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੁਆਰਾ ਦੋ ਮਹੀਨੇ ਪਹਿਲਾਂ ਮਨਜ਼ੂਰ ਕੀਤੇ ਪੀ.ਐਸ.ਏ. ਪਲਾਂਟਾਂ ਨੂੰ ਵੀ ਛੇਤੀ ਸਥਾਪਿਤ ਕਰਨ ਦੀ ਆਪਣੀ ਅਪੀਲ ਦੁਹਰਾਈ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਰੋਜ਼ਾਨਾ ਦੇ ਆਧਾਰ ’ਤੇ ਲਿਕੁਇਡ ਮੈਡੀਕਲ ਆਕਸੀਜਨ (ਐਲ.ਐਮ.ਓ.) ਸਪਲਾਈ ਕਰਨ ਵਾਲਿਆਂ ਵੱਲੋਂ ਨਿਰਵਿਘਨ ਰੂਪ ਵਿੱਚ ਆਕਸੀਜਨ ਮੁਹੱਈਆ ਕਰਵਾਉਣ ਸਬੰਧੀ ਆਪਣੀ ਬੇਨਤੀ ’ਤੇ ਵੀ ਤੁਰੰਤ ਵਿਚਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨਾਂ ਇਹ ਵੀ ਅਪੀਲ ਕੀਤੀ ਕਿ ਪੰਜਾਬ ਨੂੰ ਰੋਜ਼ਾਨਾ 120 ਐਮ.ਟੀ. ਦੀ ਸਪਲਾਈ ਕੀਤੀ ਜਾਵੇ ਜੋ ਕਿ ਪੰਜਾਬ ਦੇ ਕੋਟੇ ਵਿੱਚੋਂ ਪੀ.ਜੀ.ਆਈ.ਐਮ.ਈ.ਆਰ., ਚੰਡੀਗੜ ਨੂੰ ਦਿੱਤੇ ਜਾਣ ਵਾਲੇ 22 ਐਮ.ਟੀ. ਹਿੱਸੇ ਤੋਂ ਵੱਖ ਹੋਵੇ।
ਮੁੱਖ ਮੰਤਰੀ ਨੇ ਇਹ ਨੁਕਤਾ ਜ਼ਾਹਿਰ ਕੀਤਾ ਕਿ ਹਾਲਾਂਕਿ, ਸੂਬੇ ਵਿਚਲੀਆਂ ਸਾਰੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਸਟੋਰ ਕਰ ਕੇ ਰੱਖਣ ਦੀ ਸਮਰੱਥਾ 300 ਐਮ.ਟੀ. ਹੈ ਪਰ ਮੌਜੂਦਾ ਹਾਲਾਤ ਵਿੱਚ ਪੰਜਾਬ ਵਿਖੇ ਮੈਡੀਕਲ ਆਕਸੀਜਨ ਦੀ ਰੋਜ਼ਾਨਾ ਖਪਤ/ਲੋੜ 105-110 ਐਮ.ਟੀ. ਦੇ ਨੇੜੇ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਲੋੜ ਅਗਲੇ ਦੋ ਹਫਤਿਆਂ ਵਿੱਚ ਵਧ ਕੇ 150-170 ਐਮ.ਟੀ. ਤੱਕ ਅੱਪੜ ਸਕਦੀ ਹੈ ਜਿਵੇਂ ਕਿ ਮਾਮਲਿਆਂ ਦੀ ਵਧਦੀ ਗਿਣਤੀ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖਲਿਆਂ ’ਚ ਸੰਭਾਵੀ ਵਾਧੇ ਦੇ ਅੰਕੜੇ ਦੱਸਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ ਸੂਬੇ ਦੀ ਲੋੜ ਜ਼ਿਆਦਾਤਰ ਬਾਹਰੋਂ ਪੂਰੀ ਹੋਣ ਕਰਕੇ ਕੇਂਦਰ ਵੱਲੋਂ ਪੰਜਾਬ ਸਮੇਤ ਸਾਰੇ ਸੂਬਿਆਂ ਨੂੰ ਸਪਲਾਈ ਸਬੰਧੀ ਕੀਤੀ ਗਈ ਅਲਾਟਮੈਂਟ ਅਨੁਸਾਰ ਸਪਲਾਈ ਦਾ ਬਰਕਰਾਰ ਰਹਿਣਾ ਸੂਬੇ ਦੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਬੇਹੱਦ ਅਹਿਮ ਹੈ। ਆਕਸੀਜਨ ਬਾਰੇ ਕੇਂਦਰੀ ਕੰਟਰੋਲ ਗਰੁੱਪ ਵੱਲੋਂ 15 ਅਪ੍ਰੈਲ, 2021 ਨੂੰ 126 ਐਮ.ਟੀ. (ਸਥਾਨਕ ਏ.ਐਸ.ਯੂਜ਼ ਤੋਂ 32 ਐਮ.ਟੀ. ਸਹਿਤ) ਦੀ ਅਲਾਟਮੈਂਟ ਕੀਤੀ ਗਈ ਸੀ। ਪਰ, ਇਹ ਅਲਾਟਮੈਂਟ 25 ਅਪ੍ਰੈਲ, 2021 ਵਾਲੇ ਹਫਤੇ ਤੋਂ ਘਟਾ ਕੇ 82 ਐਮ.ਟੀ. ਕਰ ਦਿੱਤੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਅਲਾਟਮੈਂਟ ਸੂਬੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਾਕਾਫੀ ਹੈ। ਇਸ ਤੋਂ ਇਲਾਵਾ ਕੇਂਦਰੀ ਅਲਾਟਮੈਂਟ ਕੰਟਰੋਲ ਰੂਮ ਵੱਲੋਂ ਪੰਜਾਬ ਦੀ ਅਲਾਟਮੈਂਟ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ (22 ਐਮ.ਟੀ.) ਨਾਲ ਰਲਗਡ ਕਰ ਦਿੱਤਾ ਗਿਆ ਹੈ ਜਿਸ ਨਾਲ ਪੰਜਾਬ ਨੂੰ ਹੁੰਦੀ ਅਲਾਟਮੈਂਟ ਹੋਰ ਵੀ ਘਟ ਗਈ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਮੰਗ ਮੌਜੂਦਾ ਸਮੇਂ ਦੌਰਾਨ ਕੁਝ ਕੁ ਜ਼ਿਲਿਆਂ ਵਿੱਚ ਸਰਕਾਰੀ ਤੇ ਨਿੱਜੀ ਖੇਤਰ ਦੋਵਾਂ ਵਿੱਚਲੇ ਪੀ.ਐਸ.ਏ. ਪਲਾਂਟਾਂ ਅਤੇ ਸੂਬੇ ਦੇ ਏ.ਐਸ.ਯੂਜ਼., ਰਿਫਿਲਰਜ਼ (ਮੁੜ ਭਰਾਈ ਵਾਲੇ) ਅਤੇ ਉਤਪਾਦਕਾਂ ਵੱਲੋਂ ਪੂਰੀ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਪੰਜਾਬ ਦੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਉਤਪਾਦਕਾਂ/ਡਿਸਟਰੀਬਿਊਟਰਾਂ ਨੂੰ ਸਪਲਾਈ ਅਤੇ ਲਿਕੁਇਡ ਆਕਸੀਜਨ ਦੀ ਮੁੜ ਭਰਾਈ ਸੂਬੇ ਤੋਂ ਬਾਹਰਲੇ ਉਤਪਾਦਕਾਂ ਜਿਵੇਂ ਕਿ ਆਈਨੌਕਸ, ਬੱਦੀ (ਹਿਮਾਚਲ ਪ੍ਰਦੇਸ਼), ਏਅਰ ਲਿਕੁਇਡੇ, ਪਾਣੀਪਤ ਅਤੇ ਰੁੜਕੀ ਤੋਂ ਇਲਾਵਾ ਦੇਹਰਾਦੂਨ ਦੇ ਲੀਂਡੇ, ਸੇਲਾਕੁਈ, (ਦੇਹਰਾਦੂਨ) ਵੱਲੋਂ ਕੀਤੀ ਜਾ ਰਹੀ ਹੈ ਕਿਉਂਜੋ ਪੰਜਾਬ ਵਿੱਚ ਕੋਈ ਵੀ ਐਲ.ਐਮ.ਓ. ਪਲਾਂਟ ਨਹੀਂ ਹੈ।
ਪਟਿਆਲਾ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ਲਈ ਦੋ ਮਹੀਨੇ ਪਹਿਲਾਂ ਭਾਰਤ ਸਰਕਾਰ ਦੁਆਰਾ ਮਨਜ਼ੂਰ ਕੀਤੇ ਗਏ 2 ਪ੍ਰੈਸ਼ਰ ਸਵਿੰਗ ਐਡਸੌਰਪਸ਼ਨ (ਪੀ.ਐਸ.ਏ.) ਪਲਾਂਟਾਂ ਦੀ ਚਿਰੋਕਣੀ ਮੰਗ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਇਹਨਾਂ ਦੀ ਸਥਾਪਨਾ ਕੀਤੇ ਜਾਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਤਾਂ ਜੋ ਐਲ.ਐਮ.ਓ. ਸਪਲਾਇਰਾਂ ਉੱਤੇ ਆਕਸੀਜਨ ਦੀ ਲੋੜ ਸਬੰਧੀ ਨਿਰਭਰਤਾ ਘੱਟ ਹੋ ਸਕੇ।