ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਵੀ ED ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਇਹ ਪੰਜਵੀਂ ਵਾਰ ਹੈ ਜਦੋਂ ਕੇਜਰੀਵਾਲ ਨੇ ED ਦੇ ਸੰਮਨ ਦੀ ਅਣਦੇਖੀ ਕੀਤੀ ਹੈ। ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ED ਦਾ ਸੰਮਨ ਗੈਰ-ਕਾਨੂੰਨੀ ਹੈ। ED ਦੇ ਸੰਮਨ ਨੂੰ ਲੈ ਕੇ ਕੇਂਦਰ ‘ਤੇ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਮੋਦੀ ਜੀ ਦਾ ਮਕਸਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਹੈ ਅਤੇ ਅਜਿਹਾ ਕਰਕੇ ਉਹ ਦਿੱਲੀ ਦੀ ਸਰਕਾਰ ਡਿਗਾਉਣਾ ਚਾਹੁੰਦੇ ਹਨ।
ਇਸ ਤੋਂ ਪਹਿਲਾਂ ED ਨੇ 3 ਜਨਵਰੀ, 17 ਜਨਵਰੀ, 21 ਦਸੰਬਰ ਤੇ 2 ਨਵੰਬਰ ਨੂੰ ਦਿੱਲੀ ਸੀਐੱਮ ਨੂੰ ਸੰਮਨ ਭੇਜਿਆ ਸੀ ਪਰ ਉਹ ਪੇਸ਼ ਨਹੀਂ ਹੋਏ ਸਨ। ED ਦੇ ਲਗਾਤਾਰ ਸੰਮਨ ਜਾਰੀ ਕਰਨ ਦੇ ਬਾਅਦ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਇਹ ਸਾਰੀ ਪ੍ਰਕਿਰਿਆ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਜਾ ਰਹੀ ਹੈ। ED ਉਨ੍ਹਾਂ ਨੂੰ ਪੁੱਛਗਿਛ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ‘ਆਪ’ ਦਾ ਕਹਿਣਾ ਹੈ ਕਿ ਜੇਕਰ ED ਨੂੰ ਪੁੱਛਗਿਛ ਕਰਨੀ ਹੈ ਤਾਂ ਉਹ ਆਪਣੇ ਸਵਾਲ ਲਿਖ ਕੇ ਕੇਜਰੀਵਾਲ ਨੂੰ ਦੇ ਸਕਦੀ ਹੈ।
ਕੇਜਰੀਵਾਲ ਨੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਸੰਮਨ ਕਿਉਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਨੂੰ ਚੱਲਦੇ ਹੋਏ ਦੋ ਸਾਲ ਹੋ ਗਏ ਤਾਂ ਫਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਉਂ ਬੁਲਾਇਆ ਜਾ ਰਿਹਾ ਹੈ। ਸੀਬੀਆਈ ਨੇ 8 ਮਹੀਨੇ ਪਹਿਲਾਂ ਬੁਲਾਇਆ ਸੀ। ਮੈਂ ਗਿਆ ਸੀ ਤੇ ਜਵਾਬ ਵੀ ਦਿੱਤੇ ਸਨ। ਜਦੋਂ ਲੋਕ ਸਭਾ ਚੋਣਾਂ ਦੇ ਪਹਿਲਾਂ ਬੁਲਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਦਾ ਮਕਸਦ ਮੈਨੂੰ ਪੁੱਛਗਿਛ ਕਰਨਾ ਨਹੀਂ ਹੈ। ਉਹ ਲੋਕ ਤਾਂ ਮੈਨੂੰ ਬੁਲਾ ਕੇ ਗ੍ਰਿਫਤਾਰ ਕਰਨਾ ਚਾਹੁੰਦੇ ਹਨ ਤਾਂ ਕਿ ਪ੍ਰਚਾਰ ਨਾ ਕਰ ਸਕਾਂ।