ਪਟਿਆਲਾ : ਨਗਰ ਨਿਗਮ ਪਟਿਆਲਾ ਵੱਲੋਂ 5 ਫਰਵਰੀ ਤੋਂ 10 ਫਰਵਰੀ ਤੱਕ ਚਲਾਈ ਜਾ ਰਹੀ ਇੱਕ ਵਿਸ਼ੇਸ਼ ਸਾਫ-ਸਫਾਈ ਮੁਹਿੰਮ ਤਹਿਤ ਅੱਜ ਨਾਭਾ ਰੋਡ ਉੱਪਰ ਤਕਰੀਬਨ 1 ਕਿਲੋਮੀਟਰ ਤੱਕ ਪਲਾਸਟਿਕ ਕੂੜੇ ਦੀ ਸਫਾਈ ਕੀਤੀ ਗਈ। ਏਰੀਆ ਸੈਨੇਟਰੀ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਇਹ ਮੁਹਿੰਮ ਸਫ਼ਲਤਾ ਪੂਰਵਕ ਚਲਾਈ ਜਾ ਰਹੀ ਹੈ। ਅਮਨਦੀਪ ਸੇਖੋਂ (ਆ.ਈ.ਸੀ ਐਕਸਪਰਟ) ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਵਿੱਚ ਸਿੰਗਲ ਯੂਜ਼ ਪਲਾਸਟਿਕ ਜਿਵੇਂ ਕਿ ਪਾਲੀਥੀਨ ਲਿਫਾਫੇ, ਕੱਪ, ਪਲੇਟ, ਚੱਮਚ, ਸਟਰਾਅ ਅਤੇ ਸਟਾਇਰੋਫੋਮ ਆਦਿ ਪੂਰਨ ਤੌਰ ਉਪਰ ਪਾਬੰਦੀ ਹੈ ਅਤੇ ਇਨ੍ਹਾਂ ਨੂੰ ਬਣਾਉਣ, ਸਟੋਰ ਕਰਨ, ਵੇਚਣ, ਖਰੀਦਣ ਅਤੇ ਇਸਤੇਮਾਲ ਕਰਨ ਵਾਲੇ ਨੂੰ ਭਾਰੀ ਜੁਰਮਾਨਾ ਲਗਾਇਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਵੀ ਸੰਭਵ ਹੈ।
ਉਹਨਾਂ ਦੱਸਿਆ ਕਿ ਅਜਿਹੇ ਕਿਸੇ ਵੀ ਉਤਪਾਦ ਦਾ ਪ੍ਰਯੋਗ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਪਲਾਸਟਿਕ ਦਾ ਇੱਕ ਵਾਰ ਪ੍ਰਯੋਗ ਕਰਕੇ ਗੈਰ ਜਿੰਮੇਵਾਰੀ ਨਾਲ ਸੜਕਾਂ, ਗਲੀਆਂ ਅਤੇ ਖਾਲੀ ਪਲਾਟਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਜੋ ਸ਼ਹਿਰ ਵਿੱਚ ਗੰਦਗੀ ਦਾ ਕਾਰਨ ਬਣਦਾ ਹੈ।ਉਨ੍ਹਾਂ ਕਿਹਾ ਕਿ ਪਲਾਸਟਿਕ ਨੂੰ ਗਲੀਆਂ, ਸੜਕਾਂ ਅਤੇ ਖੁੱਲੀਆਂ ਥਾਵਾਂ ਉਤੇ ਸੁੱਟਣ ਜਾਂ ਸਾੜਨ ਦੀ ਜਗ੍ਹਾ ਕੇਵਲ ਵੇਸਟ ਕੁਲੈਕਟਰ ਨੂੰ ਹੀ ਦਿੱਤਾ ਜਾਵੇ ਤਾਂ ਜੋ ਉਹ ਰੀਸਾਈਕਲ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਡਰਾਈਵ ਦੌਰਾਨ ਇੱਕਠੇ ਕੀਤੇ ਪਲਾਸਟਿਕ ਨੂੰ ਨਗਰ ਨਿਗਮ ਪਟਿਆਲਾ ਵੱਲੋਂ 21 ਨੰਬਰ ਐਮ.ਆਰ.ਐਫ਼ ਸੈਂਟਰ ਵਿਖੇ ਭੇਜਿਆ ਗਿਆ।ਇਸ ਮੁਹਿੰਮ ਵਿੱਚ ਨਗਰ ਨਿਗਮ ਵੱਲੋਂ ਕਮਯੁਨਿਟੀ ਫੈਸੀਲੀਟੇਟਰ ਜਵਾਲਾ ਸਿੰਘ ਤੇ ਮੋਟੀਵੇਟਰ ਟੀਮ ਵੀ ਮੌਜੂਦ ਰਹੀ।