ਮੋਗਾ : ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਬਲਾਕ ਪ੍ਰਧਾਨ ਜਗਮੋਹਨ ਸਿੰਘ ਕੰਗ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਕੱਲ ਕਾਲੀਏ ਵਾਲਾ ਵਿਖੇ ਗੁਰਜੀਤ ਸਿੰਘ ਪਿੰਡ ਪ੍ਰਧਾਨ ਦੀ ਅਗਵਾਈ ਦੇ ਵਿੱਚ ਖੱਟੜ ਸਰਕਾਰ ਦੀ ਅਰਥੀ ਸਾੜੀ ਅਤੇ ਜੋਰਦਾਰ ਨਾਹਰੇਬਾਜੀ ਕੀਤੀ। ਬਲਾਕ ਆਗੂ ਤੇਜ ਸਿੰਘ ਮਹੇਸਰੀ ਨੇ ਦੱਸਿਆ ਕਿ ਮਜ਼ਦੂਰ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਸੱਦੇ ਤੇ ਦਿੱਲੀ ਵੱਲ 13 ਫਰਵਰੀ ਨੂੰ ਕੂਚ ਕੀਤਾ ਜਾ ਰਿਹਾ ਸੀ। ਪਰ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਤੇ ਮਜਬੂਤ ਬੈਰੀਕੇਟਿੰਗ ਕਰਕੇ ਅਤੇ ਪੁਲਿਸ ਤੇ ਪੈਰਾਮਿਲਟਰੀ ਫੋਰਸਾਂ ਲਾ ਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ । ਖਨੌਰੀ ਵਿਖੇ ਤਾਂ ਪੁਲਿਸ ਨੇ 21 ਸਾਲਾਂ ਗੱਭਰੂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਪੁਲਿਸ ਅਤੇ ਗੁੰਡਿਆਂ ਨੇ ਪੰਜਾਬ ਅੰਦਰ ਦਾਖਲ ਹੋ ਕੇ ਸਾਡੇ ਟਰੈਕਟਰਾਂ ਅਤੇ ਕਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਇਸ ਦੇ ਰੋਸ ਵਜੋਂ ਕਾਲੀਏ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਪਿੰਡ ਕਮੇਟੀ ਨੇ ਖੱਟੜ ਸਰਕਾਰ ਦੀ ਅਰਥੀ ਸਾੜ ਕੇ ਰੋਸ ਜਾਹਰ ਕੀਤਾ। ਗੁਰਜੀਤ ਸਿੰਘ ਪਿੰਡ ਪ੍ਰਧਾਨ ਨੇ ਕਿਹਾ ਕਿ ਅਸੀਂ ਐਮਐਸਪੀ ,ਕਰਜਾ ਮੁਆਫੀ, ਬੁਢੇਪੇ ਵਿੱਚ ਪੈਨਸ਼ਨਾਂ ਲੈਣ, ਮਜ਼ਦੂਰਾਂ ਦੀ ਰੋਜ਼ੀ ਤੇ ਰੁਜ਼ਗਾਰ ਵਧਾਉਣ ਅਤੇ ਬਾਕੀ ਪਿਛਲੇ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਤੇ ਸੰਘਰਸ਼ ਕਰ ਰਹੇ ਹਾਂ। ਪਰ ਮੋਦੀ ਸਰਕਾਰ ਸਾਨੂੰ ਸੰਘਰਸ਼ ਕਰਨ ਦੇ ਅਧਿਕਾਰ ਤੋਂ ਵਾਂਝਿਆਂ ਕਰ ਰਹੀ ਹੈ। ਪਰ ਅਸੀਂ ਆਪਣੀਆਂ ਮੰਗਾਂ ਲਈ ਸੰਘਰਸ਼ ਜਾਰੀ ਰੱਖਾਂਗੇ ।