ਦਿੱਲੀ : ਨਾਰਕੋਟਿਕਸ ਕੰਟਰੋਲ ਬਿਊਰੋ (N32) ਅਤੇ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸਾਂਝਾ ਆਪਰੇਸ਼ਨ ਕਰਦਿਆਂ ਇਕ ਅੰਤਰਰਾਸ਼ਟਰੀ ਡਰੱਗ ਨੈਟਵਰਕ ਦਾ ਪਰਦਾਫ਼ਾਸ਼ ਕੀਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਿਪਟੀ ਡਾਇਰੈਕਟਰ ਜਨਰਲ (ਡੀਡੀਜੀ) ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਐਨ.ਸੀ.ਬੀ. ਅਤੇ ਦਿੱਲੀ ਪੁਲਿਸ ਨੇ ਮਿਲ ਕੇ ਆਸਟੇ੍ਰਲੀਅਨ ਅਤੇ ਨਿਊਜ਼ੀਲੈਂਡ ਦੇ ਅਧਿਕਾਰੀਆਂ ਦੀ ਸਹੂ ਅਨੁਸਾਰ ਵਿਸ਼ੇਸ਼ ਕਾਰਵਾਈ ਕਰਦਿਆਂ ਚਾਰ ਮਹੀਨੇ ਪਹਿਲਾਂ ਨੈਟਵਰਕ ਦਾ ਪਰਦਾਫ਼ਾਸ਼ ਕੀਤਾ ਸੀ। ਇਸ ਆਪਰੇਸ਼ਨ ਦੌਰਾਨ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਇਹ ਤਿੰਨੋ ਤਾਮਿਲਨਾਡੂ ਦੇ ਵਸਨੀਕ ਹਨ ਅਤੇ ਇਨ੍ਹਾਂ ਕੋਲੋਂ 50 ਕਿਲੋ ਸੂਡੋਫ਼ੈਡਰਾਈਨ ਵੀ ਮਿਲੀ ਹੈ ਜਿਹੜੀ ਕਿ ਇਹ ਸੁੱਕੇ ਨਾਰੀਅਲ ਦੇ ਬਰਾਦੇ ਵਿੱਚ ਲੁਕਾ ਕੇ ਆਸਟੇ੍ਰਲੀਆ ਅਤੇ ਨਿਊਜ਼ੀਲੈਂਡ ਭੇਜਣ ਦੀ ਤਿਆਰੀ ਵਿੱਚ ਸਨ। ਸੂਡੋਫ਼ੇਡਰਾਈਨ ਇਕ ਅਜਿਹਾ ਰਸਾਇਣ ਹੈ ਜਿਸ ਨੂੰ ਮੇਥਾਮਫ਼ੇਟਾਮਾਈਨ ਬਣਾਉਣ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਸ ਦੀ ਦੁਨੀਆ ਭਰ ਵਿੱਚ ਡਰੱਗ ਵਜੋਂ ਬਹੁਤ ਵੱਡੀ ਮੰਗ ਹੈ। ਜੇਕਰ ਇਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਲਗਪਗ ਭਾਰਤੀ ਰੁਪਇਆਂ ਅਨੁਸਾਰ 1.5 ਕਰੋੜ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਡਿਪਟੀ ਡਾਇਰੈਕਟਰ ਜਨਰਲ ਨੇ ਕਿਹਾ ਕਿ ਯੂ.ਐਸ. ਡਰੱਗ ਇਨਫ਼ੋਰਸਮੈਂਟ ਐਡਮਨਿਸਟ੍ਰੇਸ਼ਨ ਤੋਂ ਮਿਲੀ ਸੂਹ ਅਨੁਸਾਰ ਅਜਿਹੀਆਂ ਖੇਪਾਂ ਦਿੱਲੀ ਤੋਂ ਤਿਆਰ ਹੁੰਦੀਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਐਨਸੀਬੀ ਅਤੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੇ 15 ਫ਼ਰਵਰੀ ਨੂੰ ਪੱਛਮੀ ਦਿੱਲੀ ਦੇ ਬਸਾਈ ਦਾਰਾਪੁਰ ਖੇਤਰ ਵਿੱਚ ਸਥਿਤ ਇਕ ਗੁਦਾਮ ਵਿੱਚ ਛਾਪਾ ਮਾਰ ਕੇ 50 ਕਿਲੋਗ੍ਰਾਮ ਸੂਡੋਫ਼ੈਡਰੀਨ ਨੂੰ ਜ਼ਬਤ ਕੀਤਾ ਸੀ। ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਨੇ ਕਿਹਾ ਹੈ ਕਿ ਇਸ ਟੀਮ ਦਾ ਸਰਗਨਾਂ ਇਕ ਤਾਮਿਲ ਫ਼ਿਲਮ ਨਿਰਮਾਤਾ ਹੈ ਜਿਸ ਨੂੰ ਫ਼ੜਨ ਲਈ ਯਤਨ ਕੀਤੇ ਜਾ ਰਹੇ ਹਨ।