ਮੋਗਾ : ਕਿਸਾਨਾਂ ਵੱਲੋਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹਰਿਆਣਾ ਸਰਕਾਰ ਵੱਲੋਂ ਵੀ ਕਿਸਾਨਾਂ ’ਤੇ ਜ਼ੁਲਮ ਢਾਹਿਆ ਜਾ ਰਿਹਾ ਹੈ। ਪਿਛਲੇ 13 ਦਿਨਾਂ ਤੋਂ ਹਰਿਆਣਾ ਦੇ ਸ਼ੰਭੂ ਅਤੇ ਖ਼ਨੌਰੀ ਬਾਰਡਰ ’ਤੇ ਕਿਸਾਨ ਹਰਿਆਣਾ ਸਰਕਾਰ ਨਾਲ ਜਦੋ ਜਹਿਦ ਕਰ ਰਹੇ ਹਨ। ਇਸੇ ਦੌਰਾਨ 4 ਕਿਸਾਨ ਵੀ ਸ਼ਹੀਦ ਹੋ ਚੁੱਕੇ ਹਨ। ਜਿਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪਰਮਜੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਚੌਂਕ ਵਿੱਚ ਨੌਜਵਾਨ ਅਤੇ ਆਗੂ ਇਕੱਤਰ ਹੋਏ। ਉਨ੍ਹਾਂ ਨੇ ਮੋਮਬੱਤੀਆਂ ਜਗਾ ਕੇ ਪਿੰਡ ਵਿੱਚ ਮਾਰਚ ਕੀਤਾ। ਸਾਡੇ ਨੌਜਵਾਨ ਸ਼ਹੀਦ ਸ਼ੁਭਕਰਨ ਸਿੰਘ ਵਾਸੀ ਬੱਲੋ (ਬਠਿੰਡਾ) ਜੋ ਦੋ ਭੈਣਾਂ ਦਾ ਇਕਲੌਤਾ ਵੀਰ ਸੀ ਅਤੇ ਗਰੀਬ ਕਿਸਾਨੀ ਨਾਲ ਸਬੰਧਤ ਰੱਖਦਾ ਸੀ 21 ਸਾਲ ਦੀ ਉਮਰ ਦੇ ਵਿੱਚ ਹੀ ਉਸ ਨੂੰ ਹਰਿਆਣਾ ਦੀ ਹਥਿਆਰਬੰਦ ਪੁਲਿਸ ਅਤੇ ਆਰਐਸਐਸ ਵਾਲਿਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਬਾਰਡਰਾਂ ਤੇ ਲੱਗੇ ਮੋਰਚਿਆਂ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ। ਪਰ ਭਗਵੰਤ ਮਾਨ ਸਰਕਾਰ ਲਗਾਤਾਰ ਟਾਲਮਟੋਲ ਕਰ ਰਹੀ ਹੈ। ਕਿਸਾਨ ਆਗੂ ਪ੍ਰਗਟ ਸਿੰਘ ਨੇ ਸੰਬੋਧਨ ਹੁੰਦਿਆਂ ਦੱਸਿਆ ਕਿ ਮਜ਼ਦੂਰ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਨੇ ਐਮ.ਐਸ.ਪੀ., ਮਜ਼ਦੂਰਾਂ ਕਿਸਾਨਾਂ ਦਾ ਸਮੁੱਚਾ ਕਰਜਾ ਮਾਫੀ, ਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕਰਨ ਅਤੇ ਉਹਨਾਂ ਨੂੰ ਸਾਲ ਵਿੱਚ 200 ਦਿਨ ਕੰਮ ਦੇਣ, 58 ਸਾਲ ਦੀ ਉਮਰ ਪਿੱਛੋਂ ਹਰ ਮਜ਼ਦੂਰ ਕਿਸਾਨ ਨੂੰ 10 ਹਜਾਰ ਰੁਪਏ ਪੈਨਸ਼ਨ ਲਾਉਣ, ਅਤੇ ਦਿੱਲੀ ਅੰਦੋਲਨ -1 ਦੌਰਾਨ ਪੈਦਾ ਹੋਈਆਂ (ਕੇਸਾਂ ਅਤੇ ਮੁਆਵਜੇ) ਦੀਆਂ ਮੰਗਾਂ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦੇਣ ਬਾਰੇ ਦਿੱਲੀ ਕੂਚ ਦਾ ਪ੍ਰੋਗਰਾਮ ਉਲੀਕਿਆ ਸੀ। ਪਰ ,ਹਰਿਆਣੇ ਦੀ ਬੀਜੇਪੀ ਦੀ ਖੱਟੜ ਸਰਕਾਰ ਨੇ ਸਾਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਹਥਿਆਰਬੰਦ ਤਾਕਤ ਦੇ ਜੋਰ ਤੇ ਰੋਕ ਲਿਆ। ਸੰਘਰਸ਼ਸ਼ੀਲ ਜਥੇਬੰਦੀਆਂ ਨੇ 29 ਫਰਵਰੀ ਤੱਕ ਦਿੱਲੀ ਕੂਚ ਕਰਨ ਨੂੰ ਰੋਕ ਕੇ ਬਾਰਡਰਾਂ ਤੇ ਡੇਰੇ ਲਾਏ ਹੋਏ ਹਨ । ਕੇਂਦਰ ਸਰਕਾਰ ਤੇ ਸਾਡੇ ਇਸ ਅੰਦੋਲਨ ਦਾ ਬਹੁਤ ਦਬਾਅ ਹੈ, ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਸਿਰ ਤੇ ਹਨ। ਦਿੱਲੀ ਤੋਂ ਚੱਲ ਕੇ ਮੰਤਰੀ ਗੱਲਬਾਤ ਲਈ ਚਾਰ ਵਾਰ ਆ ਚੁੱਕੇ ਹਨ। ਪਰ ਉਹ ਪੰਜ ਫਸਲਾਂ ’ ਤੇ ਐਮਐਸਪੀ ਪੰਜ ਸਾਲਾਂ ਲਈ ਦੇਣ ਦਾ ਠੇਕਾ ਕਰ ਰਹੇ ਸਨ। ਜੋ ਸਾਡੇ ਆਗੂਆਂ ਨੇ ਠਕਰਾ ਦਿੱਤਾ। ਉਸ ਨੇ ਅੱਗੇ ਕਿਹਾ ਕਿ ਸਾਡੀ ਇਹ ਵੀ ਮੰਗ ਰੱਖੀ ਹੋਈ ਹੈ ਕਿ ਸੰਸਾਰ ਵਪਾਰ ਸੰਸਥਾ ਚੋਂ ਭਾਰਤ ਬਾਹਰ ਆਵੇ। ਕਿਉਂਕਿ ਸਾਨੂੰ ਐਮਐਸਪੀ ਦੇਣ ਅਤੇ ਸਬਸਿਡੀਆਂ ਦੇਣ ਤੋਂ ਸੰਸਾਰ ਵਪਾਰ ਸੰਸਥਾ ਅੜਿਕੇ ਡਾਹ ਰਹੀ ਹੈ। ਆਗੂਆਂ ਨੇ ਸੱਦਾ ਦਿੱਤਾ ਕਿ ਜੋ ਅੰਦੋਲਨ ਚੱਲ ਰਿਹਾ ਹੈ। ਉਸ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਵੋ, ਤਾਂ ਜੋ ਆਪਾਂ ਆਪਣੀਆਂ ਮੰਗਾਂ ਮਨਵਾ ਸਕੀਏ।