ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਬੰਦਕ ਢਾਂਚੇ ਦਾ ਐਲਾਨ ਜਲਦ ਕੀਤਾ ਜਾਵੇਗਾ ਅਤੇ ਮਿਹਨਤੀ ਤੇ ਸੇਵਾ ਭਾਵਨਾ ਰੱਖਣ ਵਾਲੇ ਨੌਜੁਆਨਾਂ ਨੂੰ ਅਹਿਮ ਅਹੁਦੇ ਦਿਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਇਥੇ ਵਾਰਡ ਨੰਬਰ 18 ਦੀਆਂ ਸੰਭਾਵੀ ਜ਼ਿਮਨੀ ਚੋਣਾਂ ਦੇ ਸੰਦਰਭ ਵਿਚ ਵਾਰਡ ਦੇ ਮੋਹਤਬਰ ਵਿਅਕਤੀਆਂ ਨਾਲ ਅਪਣੇ ਗ੍ਰਹਿ ਵਿਖੇ ਹੋਈ ਇਕ ਮੀਟਿੰਗ ਦੌਰਾਨ ਕੀਤਾ। ਯੂਥ ਨੇਤਾ ਖਿਜ਼ਰ ਅਲੀ ਖ਼ਾਨ ਅਤੇ ਵਾਰਡ ਨੰਬਰ-18 ਵਿਚ ਸਰਗਰਮ ਸਮਾਜ ਸੇਵੀ ਅਬਦੁਲ ਰਹਿਮਾਨ ਦੀ ਅਗਵਾਈ ਹੇਠ ਬੀਬਾ ਜ਼ਾਹਿਦਾ ਸੁਲੇਮਾਨ ਨਾਲ ਮੁਲਾਕਾਤ ਲਈ ਪਹੁੰਚੇ ਨੌਜੁਆਨਾਂ ਨੂੰ ਸੰਬੋਧਨ ਕਰਦਿਆਂ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਪੂਰੇ ਹਲਕੇ ਦੇ ਲੋਕਾਂ ਨੂੰ ਝਾੜੂ ਨੂੰ ਵੋਟ ਪਾਉਣ ਦੀ ਅਪਣੀ ਗ਼ਲਤੀ ਦਾ ਅਹਿਸਾਸ ਹੋ ਚੁੱਕਾ ਹੈ। ਝਾੜੂ ਪਾਰਟੀ ਬਿਲਕੁਲ ਝੂਠੇ ਤੇ ਨਿਕੰਮੇ ਲੋਕਾਂ ਦਾ ਟੋਲਾ ਹੈ ਜਿਸ ਨੂੰ ਸਰਕਾਰ ਤੇ ਸਰਕਾਰੀ ਕੰਮ ਕਰਾਉਣ ਦੀ ਬਿਲਕੁਲ ਵੀ ਸੋਝੀ ਨਹੀਂ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਈ ਮਹੀਨੇ ਪਹਿਲਾਂ ਜ਼ਮੀਨਾਂ-ਜਾਇਦਾਦਾਂ ਦੀਆਂ ਰਜਿਸਟਰੀਆਂ ਕਰਾਉਣ ਉਪਰ ਲੱਗੀ ਐਨ.ਓ.ਸੀ. ਦੀ ਸ਼ਰਤ ਹਟਾਉਣ ਦਾ ਐਲਾਨ ਕੀਤਾ ਸੀ ਪਰ ਹਾਲੇ ਤਕ ਐਨ.ਓ.ਸੀ. ਤੋਂ ਬਿਨਾਂ ਰਜਿਸਟਰੀਆਂ ਸ਼ੁਰੂ ਨਹੀਂ ਹੋਈਆਂ। ਲੋਕ ਅੱਜ ਵੀ ਤਹਿਸੀਲਦਾਰ ਦਫ਼ਤਰ ਅਤੇ ਨਗਰ ਕੌਂਸਲ ਦੇ ਦਫ਼ਤਰ ਵਿਚ ਖੱਜਲ-ਖੁਆਰ ਹੋ ਰਹੇ ਹਨ। ਇਸ ਤੋਂ ਪਤਾ ਚਲਦਾ ਹੈ ਕਿ ਸਰਕਾਰ ਅਪਣੇ ਹੀ ਫ਼ੈਸਲਿਆਂ ਬਾਰੇ ਗੰਭੀਰ ਨਹੀਂ ਅਤੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਸਮਾਂ ਲੰਘਾ ਰਹੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਮੰਗ ਕੀਤੀ ਕਿ ਐਨ.ਓ.ਸੀ. ਲੈਣ ਦਾ ਝਮੇਲਾ ਤੁਰੰਤ ਖ਼ਤਮ ਕੀਤਾ ਜਾਵੇ ਤਾਕਿ ਲੋਕਾਂ ਦੀ ਖੱਜਲ-ਖੁਆਰੀ ਰੋਕੀ ਜਾ ਸਕੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਜਲਦ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਨਵੇਂ ਲੋਕਾਂ ਨੂੰ ਸਿਆਸਤ ਵਿਚ ਆਉਣ ਦਾ ਮੌਕਾ ਦਿਤਾ ਜਾਵੇਗਾ। ਇਸ ਮੌਕੇ ਹਲਕੇ ਦੀ ਪਿਛਲੇ 35 ਸਾਲ ਦੀ ਸਿਆਸਤ ਉਤੇ ਵੀ ਖ਼ੂਬ ਚਰਚਾ ਹੋਈ ਅਤੇ ਮਹਿਸੂਸ ਕੀਤਾ ਗਿਆ ਕਿ ਨੇਤਾਵਾਂ ਨੇ ਦਾਅਵੇ ਵੱਧ ਕੀਤੇ ਹਨ ਅਤੇ ਕੰਮ ਘੱਟ ਕੀਤਾ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਸਮਰਥਨ ਦੇ ਕੇ ਹਲਕੇ ਦੀ ਨੁਹਾਰ ਬਦਲੀ ਜਾਵੇਗੀ ਅਤੇ ਸਰਕਾਰੀ ਦਫ਼ਤਰਾਂ ਵਿਚ ਭੋਲੇ-ਭਾਲੇ ਲੋਕਾਂ ਦੀ ਬਾਬੂਆਂ, ਟਾਊਟਾਂ ਅਤੇ ਸਿਆਸੀ ਲੋਕਾਂ ਵਲੋਂ ਮਚਾਈ ਹੋਈ ਲੁੱਟ ਨੂੰ ਮੁਕੰਮਲ ਰੂਪ ਵਿਚ ਬੰਦ ਕੀਤਾ ਜਾਵੇਗਾ। ਨੌਜੁਆਨਾਂ ਨੇ ਐਲਾਨ ਕੀਤਾ ਕਿ ਇਸ ਬਾਰ ਵਾਰਡ ਨੰਬਰ-18 ਦੀ ਜ਼ਿਮਨੀ ਚੋਣ ਜਿੱਤ ਕੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਸਿਆਸੀ ਤੋਹਫ਼ਾ ਦਿਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਨੇਤਾ ਹਾਤਿਮ ਅਲੀ ਖ਼ਾਨ, ਮੋਇਨ ਖ਼ਾਨ, ਰਮਿਸ਼ ਖ਼ਾਨ ਅਤੇ ਦਿਲਸ਼ਾਦ ਚੌਧਰੀ ਵੀ ਹਾਜ਼ਰ ਸਨ।
ਜ਼ਾਹਿਦਾ ਸੁਲੇਮਾਨ ਵਿਚ ਉਹ ਸਾਰੇ ਗੁਣ ਜਿਹੜੇ ਇਕ ਲੋਕ-ਪੱਖੀ ਲੀਡਰ ਵਿਚ ਹੋਣੇ ਚਾਹੀਦੇ ਹਨ : ਅਬਦੁਲ ਰਹਿਮਾਨ
ਵਾਰਡ ਨੰਬਰ-18 ਵਿਚ ਲੰਮੇ ਸਮੇਂ ਤੋਂ ਸਰਗਰਮ ਅਤੇ ਸ਼ਹਿਰੀ ਖੇਤਰ ਨਾਲ ਜੁੜੇ ਲੋਕ ਮਸਲਿਆਂ ਨੂੰ ਉਠਾਉਣ ਵਾਲੇ ਸਮਾਜ ਸੇਵੀ ਅਬਦੁਲ ਰਹਿਮਾਨ ਨੇ ਬੀਬਾ ਜ਼ਾਹਿਦਾ ਸੁਲੇਮਾਨ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਨ੍ਹਾਂ ਅੰਦਰ ਉਹ ਸਾਰੇ ਗੁਣ ਹਨ ਜਿਹੜੇ ਇਕ ਲੋਕ-ਪੱਖੀ ਨੇਤਾ ਵਿਚ ਹੋਣੇ ਚਾਹੀਦੇ ਹਨ। ਮੈਂ ਕਾਫ਼ੀ ਸਮੇਂ ਤੋਂ ਬੀਬਾ ਜ਼ਾਹਿਦਾ ਸੁਲੇਮਾਨ ਦੇ ਵਿਚਾਰਾਂ ਨੂੰ ਸੁਣਦਾ ਅਤੇ ਕਾਰਜਾਂ ਨੂੰ ਵੇਖਦਾ ਆ ਰਿਹਾ ਹੈ। ਉਹ ਬੇਬਾਕੀ, ਨਿੱਡਰਤਾ ਅਤੇ ਸਪੱਸ਼ਟ-ਬਿਆਨੀ ਨਾਲ ਸਿਆਸਤ ਵਿਚ ਅੱਗੇ ਵਧ ਰਹੇ ਹਨ। ਜ਼ਾਹਿਦਾ ਸੁਲੇਮਾਨ ਇਕ ਅਜਿਹੀ ਨੌਜੁਆਨ ਲੀਡਰ ਹੈ ਜਿਹੜੀ ਅਪਣੇ ਹਲਕੇ ਦੇ ਲੋਕਾਂ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਕ ਸਥਿਤੀ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ। ਨੌਜੁਆਨਾਂ ਨੂੰ ਵੱਧ ਤੋਂ ਵੱਧ ਬੀਬਾ ਜ਼ਾਹਿਦਾ ਸੁਲੇਮਾਨ ਦਾ ਸਾਥ ਦੇਣਾ ਚਾਹੀਦਾ ਹੈ। ਅਬਦੁਲ ਰਹਿਮਾਨ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੱਚਾ ਸਿਪਾਹੀ ਬਣ ਕੇ ਕੰਮ ਕਰਨਗੇ ਅਤੇ ਬੀਬਾ ਜ਼ਾਹਿਦਾ ਸੁਲੇਮਾਨ ਨਾਲ ਮਿਲ ਕੇ ਹਲਕੇ ਦੀ ਬਿਹਤਰੀ ਲਈ ਕੰਮ ਕਰਨਗੇ।