ਪਟਿਆਲਾ : ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰੀ ਸਕੂਲਾਂ 'ਚ ਆਈਆਂ ਇਨਕਲਾਬੀ ਤਬਦੀਲੀਆਂ ਸਦਕਾ ਹਰ ਵਰਗ ਦੇ ਮਾਪਿਆਂ ਵੱਲੋਂ ਸਰਕਾਰੀ ਸਕੂਲਾਂ 'ਚ ਆਪਣੇ ਬੱਚੇ ਦਾਖਲ ਕਰਵਾਉਣ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਅੱਜ ਇੱਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਉਸ ਵੇਲੇ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਇੱਕੋ ਸਮੇਂ ਡਾਕਟਰ, ਪ੍ਰੋਫੈਸਰ ਤੇ ਵਕੀਲ ਆਪਣੇ ਬੱਚਿਆਂ ਨੂੰ ਉਕਤ ਸਕੂਲ 'ਚ ਦਾਖਲ ਕਰਵਾਉਣ ਲਈ ਪੁੱਜੇ। ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਉਕਤ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਡਾ. ਜਤਿੰਦਰ ਸਿੰਗਲਾ ਤੇ ਪੰਜਾਬ ਤਕਨੀਕੀ ਯੂਨੀਵਰਸਿਟੀ ਦੀ ਪ੍ਰੋਫੈਸਰ ਡਾ. ਨੀਰੂ ਸਿੰਗਲਾ ਨੇ ਆਪਣੇ ਸਪੁੱਤਰ ਭਵਿੱਸ਼ਿਆ ਸਿੰਗਲਾ ਨੂੰ ਉਨ੍ਹਾਂ ਦੇ ਸਕੂਲ ਵਿਖੇ ਗਿਆਰਵੀਂ ਜਮਾਤ (ਨਾਨ ਮੈਡੀਕਲ) 'ਚ ਦਾਖਲ ਕਰਵਾਇਆ।
ਇਸ ਮੌਕੇ 'ਤੇ ਹੀ ਐਡਵੋਕੇਟ ਜਸਪਾਲ ਸਿੰਘ ਕਲੇਰ ਤੇ ਮੁੱਖ ਅਧਿਆਪਕਾ ਡਾ. ਰਮਨਦੀਪ ਕੌਰ ਮਵੀ ਕਲਾਂ ਨੇ ਆਪਣੇ ਸਪੁੱਤਰ ਜਸਮਨਪ੍ਰੀਤ ਸਿੰਘ ਕਲੇਰ ਨੂੰ ਗਿਆਰਵੀਂ ਜਮਾਤ (ਮੈਡੀਕਲ) 'ਚ ਦਾਖਲ ਕਰਵਾਇਆ। ਡਾ. ਜਤਿੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਤਹਿਤ ਉਕਤ ਸਕੂਲ ਦਾ ਦੌਰਾ ਕੀਤਾ ਤਾਂ ਆਧੁਨਿਕ ਸਹੂਲਤਾਂ ਦੇਖ ਕੇ, ਉਨ੍ਹਾਂ ਤੁਰੰਤ ਫੈਸਲਾ ਕੀਤਾ ਕਿ ਉਹ ਆਪਣੇ ਬੇਟੇ ਨੂੰ ਸਰਕਾਰੀ ਮਲਟੀਪਰਪਜ਼ ਸਕੂਲ 'ਚ ਹੀ ਦਾਖਲ ਕਰਵਾਉਣਗੇ। ਇਸੇ ਤਰ੍ਹਾਂ ਪ੍ਰੋ. ਨੀਰੂ ਸਿੰਗਲਾ ਨੇ ਕਿਹਾ ਕਿ ਅਜੋਕੇ ਸਰਕਾਰੀ ਸਕੂਲ ਕਿਸੇ ਵੀ ਪੱਖੋਂ ਘੱਟ ਨਹੀਂ ਹਨ ਸਗੋਂ ਬਹੁਤ ਸਾਰੇ ਪੱਖਾਂ ਤੋਂ ਹੋਰਨਾਂ ਸਕੂਲਾਂ ਤੋਂ ਬਹੁਤ ਅੱਗੇ ਹਨ। ਐਡਵੋਕੇਟ ਜਸਪਾਲ ਸਿੰਘ ਕਲੇਰ ਨੇ ਕਿਹਾ ਕਿ ਸਰਕਾਰੀ ਸਕੂਲ ਹੀ ਬੱਚੇ ਦੇ ਸਰਵਪੱਖੀ ਵਿਕਾਸ ਲਈ ਢੁਕਵੀਂਆਂ ਵਿਦਿਅਕ ਸੰਸਥਾਵਾਂ ਹਨ। ਜਿਨ੍ਹਾਂ 'ਚ ਆਧੁਨਿਕ ਸਹੂਲਤਾਂ, ਖੁੱਲ੍ਹਾ-ਡੁੱਲਾ ਚੌਗਿਰਦਾ ਤੇ ਸਹਿ ਵਿੱਦਿਅਕ ਗਤੀਵਿਧੀਆਂ ਉਪਲਬਧ ਹਨ। ਇਸ ਮੌਕੇ ਸਕੂਲ ਦੇ ਅਧਿਆਪਕ ਵੀ ਹਾਜ਼ਰ ਸਨ।