ਸੁਨਾਮ : ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੀ ਸਰਪ੍ਰਸਤੀ ਅਤੇ ਪੰਜਾਬ ਉਰਦੂ ਅਕੈਡਮੀ ਮਲੇਰ ਕੋਟਲਾ ਦੀ ਰਹਿਨੁਮਾਈ ਵਿੱਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਸ਼ੁਰੂ ਕੀਤਾ ਉਰਦੂ ਆਮੋਜ ਦੀ ਪੜ੍ਹਾਈ ਦਾ ਛਮਾਹੀ ਕੋਰਸ ਪੂਰਾ ਹੋਣ ਤੇ ਉਰਦੂ ਕਲਾਸ ਦੇ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ। ਇਸ ਮੌਕੇ ਉਰਦੂ ਕਲਾਸ ਵਿੱਚ ਸਿਖਿਆ ਪ੍ਰਾਪਤ ਕਰਨ ਵਾਲੇ ਜੰਗੀਰ ਸਿੰਘ ਰਤਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਰਦੂ ਜ਼ੁਬਾਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਰਕਾਰ ਦਾ ਇਹ ਬਹੁਤ ਹੀ ਸਾਰਥਕ ਉਪਰਾਲਾ ਹੈ। ਉਰਦੂ ਪੜ੍ਨਾ ਲਿਖਣਾ ਸਿੱਖ ਕੇ ਉਰਦੂ ਅਦਬ ਅਤੇ ਸ਼ਾਹਮੁਖੀ ਪੰਜਾਬੀ ਸਾਹਿਤ ਨਾਲ ਸਾਂਝ ਪੈ ਜਾਂਦੀ ਹੈ। ਤਕਰੀਰ ਤੇ ਤਹਿਰੀਰ ਵਿੱਚ ਖ਼ੂਬਸੂਰਤੀ ਤੇ ਨਿਖ਼ਾਰ ਆ ਜਾਂਦਾ ਹੈ। ਰਤਨ ਵੱਲੋਂ ਕਾਲਜ ਪ੍ਰਿੰਸੀਪਲ ਅਤੇ ਪੰਜਾਬ ਉਰਦੂ ਅਕੈਡਮੀ ਮਲੇਰਕੋਟਲਾ ਨੂੰ ਗੁਜ਼ਾਰਿਸ਼ ਕੀਤੀ ਗਈ ਕਿ ਸੁਨਾਮ ਕਾਲਜ ਵਿੱਚ ਉਰਦੂ ਆਮੋਜ ਦੀ ਪੜ੍ਹਾਈ ਅੱਗੋਂ ਲਈ ਵੀ ਜਾਰੀ ਰੱਖੀ ਜਾਵੇ। ਵਿਦਾਇਗੀ ਪਾਰਟੀ ਵਿੱਚ ਸ਼ਾਮਲ ਉਰਦੂ ਕਲਾਸ ਦੇ ਕੁਆਰਡੀਨੇਟਰ ਡਾ. ਮੁਹੱਮਦ ਅਨਵਰ ਨੇ ਉਰਦੂ ਦੀ ਇਬਤਦਾਈ ਤਾਲੀਮ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਉੱਥੇ ਨਾਲ ਹੀ ਕਿਹਾ ਕਿ ਹੋਰਾਂ ਨੂੰ ਵੀ ਉਰਦੂ ਸਿੱਖਣ ਲਈ ਪ੍ਰੇਰਤ ਕਰਕੇ ਪੰਜਾਬ ਉਰਦੂ ਅਕੈਡਮੀ ਦੀ ਇਸ ਸਕੀਮ ਤੋਂ ਲਾਭ ਪ੍ਰਾਪਤ ਕੀਤਾ ਜਾਵੇ। ਇਸ ਮੌਕੇ ਕਲਾਸ ਨੂੰ ਉਰਦੂ ਪੜ੍ਹਾਉਣ ਵਾਲੇ ਵਿਦਵਾਨ ਉਸਤਾਦ ਜਨਾਬ ਮੁਹੱਮਦ ਜਹਾਂਗੀਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਦਾਇਗੀ ਪਾਰਟੀ ਵਿੱਚ ਪਹੁੰਚੇ ਪ੍ਰਸਿੱਧ ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ ਨੇ ਆਪਣੇ ਗੀਤ ਰਾਹੀਂ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦੀ ਸੂਰਬੀਰਤਾ ਨੂੰ ਸਲਾਮ ਕੀਤਾ। ਕਸ਼ਮੀਰੀ ਲਾਲ ਬੱਤਰਾ ਨੇ ਉਰਦੂ ਸ਼ੇਅਰੋ-ਸ਼ਾਇਰੀ ਦੀ ਉਮਦਾ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਕੀਲ ਲਿਆ। ਇਸ ਮੌਕੇ ਜੀਤ ਸਿੰਘ, ਹਰਪ੍ਰੀਤ ਸਿੰਘ ਕੋਹਲੀ, ਬਲਵੀਰ ਸਿੰਘ ਗਿੱਲ, ਸੰਦੀਪ ਕੌਰ, ਮਨਦੀਪ ਕੌਰ, ਬਰਜਿੰਦਰ ਪਾਲ ਸਿੰਘ, ਰਘਵੀਰ ਸਿੰਘ ਜੋਸ਼ੀ, ਸੁਰਿੰਦਰ ਸਿੰਘ, ਤੁਸ਼ਾਰ ਕੁਮਾਰ, ਸ਼ਿਵ ਚੰਦ, ਮਹਿੰਦਰ ਲਾਲ ਵਰਮਾ, ਸੁਰੇਸ਼ ਕੁਮਾਰ ਬਾਂਸਲ ਤੇ ਪਰਮਜੀਤ ਸਿੰਘ ਹਾਂਡਾ ਹਾਜ਼ਰ ਸਨ।