ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਾਨਵੋਕੇਸ਼ਨ ਕੱਲ੍ਹ 28 ਫਰਵਰੀ 2024 ਨੂੰ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕਰਨਗੇ। ਇਸ ਸਬੰਧਪ ਜਾਣਕਾਰੀ ਦਿੰਦਿਆਂ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਦੱਸਿਆ ਕਿ ਇਸ ਕਾਨਵੋਕੇਸ਼ਨ ਵਿੱਚ ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਵਾਲ਼ੀਆਂ ਚਾਰ ਸ਼ਖ਼ਸੀਅਤਾਂ ਨੂੰ ਆਨਰੇਰੀ ਡੀ-ਲਿਟ ਡਿਗਰੀ ਨਾਲ਼ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਚਾਰ ਸ਼ਖ਼ਸੀਅਤਾਂ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਪਦਮ ਸ਼੍ਰੀ ਪ੍ਰੋ. ਅਮੋਦ ਗੁਪਤਾ, ਉੱਘੇ ਸਮਾਜ ਸੇਵੀ ਪਦਮ ਸ਼੍ਰੀ ਵਿਕਰਮਜੀਤ ਸਾਹਨੀ, ਭੌਤਿਕ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਵਿਜੇਤਾ ਪ੍ਰੋ. ਸੈਮੁਅਲ ਸੀ. ਸੀ. ਟਿੰਗ ਅਤੇ ਪੰਜਾਬੀ ਸਾਹਿਤ ਜਗਤ ਦੇ ਪ੍ਰੋ ਜੇ. ਪੀ. ਐੱਸ ਉਬਰਾਏ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਅਕਾਦਮਿਕ ਖੇਤਰ ਦਾ ਚਾਂਸਲਰ ਮੈਡਲ ਬਿੰਦਿਆ ਗਰਗ ਨੂੰ ਅਤੇ ਖੇਡ ਖੇਤਰ ਦਾ ਚਾਂਸਲਰ ਮੈਡਲ ਵਿਸ਼ਵਜੀਤ ਸਿੰਘ ਨੂੰ ਪ੍ਰਦਾਨ ਕੀਤਾ ਜਾਣਾ ਹੈ। ਪ੍ਰੋ. ਅਰਵਿੰਦ ਨੇ ਅੱਗੇ ਦੱਸਿਆ ਕਿ ਇਸ ਕਾਨਵੋਕੇਸ਼ਨ ਵਿੱਚ 492 ਖੋਜਾਰਥੀਆਂ ਨੂੰ ਪੀਐੱਚ.ਡੀ. ਦੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੈਰਿਟ ਵਿੱਚ ਆਉਣ ਵਾਲੇ 143 ਪੋਸਟ ਗਰੈਜੂਏਟਾਂ ਅਤੇ ਗਰੈਜੂਏਟਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਗੌਰਤਲਬ ਹੈ ਕਿ 2022 ਦੀ ਫ਼ਾਈਨਲ ਪ੍ਰੀਖਿਆ ਦੌਰਾਨ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦਿੱਤੇ ਜਾਣੇ ਹਨ। ਕਈ ਕੋਰਸਾਂ ਵਿੱਚ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਇੱਕ ਤੋਂ ਵੱਧ ਵਿਦਿਆਰਥੀਆਂ ਨੂੰ ਵੀ ਮੈਡਲ ਦਿੱਤੇ ਜਾ ਰਹੇ ਹਨ। ਇਨ੍ਹਾਂ ਮੈਡਲਾਂ ਵਿੱਚ 10 ਡੈਟੋਨੇਟਡ ਮੈਡਲ ਵੀ ਸ਼ਾਮਲ ਹਨ ਜੋ ਵੱਖ-ਵੱਖ ਪਰਿਵਾਰਾਂ ਜਾਂ ਸੰਸਥਾਵਾਂ ਵੱਲੋਂ ਦਾਨ ਕੀਤੀ ਰਾਸ਼ੀ ਨਾਲ ਵੀ ਦਿੱਤੇ ਜਾਣੇ ਹਨ। ਅੱਜ ਕਾਨਵੋਕੇਸ਼ਨ ਦੀ ਰਿਹਰਸਲ ਦੌਰਾਨ ਖੋਜਾਰਥੀਆਂ ਉਤਸ਼ਾਹ ਵਿੱਚ ਸਨ ਕਿਓਂਕਿ ਹਰੇਕ ਖੋਜਾਰਥੀ ਦੇ ਮਨ ਬਕਾਇਦਾ ਗਾਊਨ ਪਾ ਕੇ ਰਸਮੀ ਰੂਪ ਵਿੱਚ ਡਿਗਰੀ ਪ੍ਰਾਪਤ ਕਰਨ ਦੀ ਖਾਹਿਸ਼ ਹੁੰਦੀ ਹੈ। ਅੱਜ ਕਨਵੋਕੇਸ਼ਨ ਦੀ ਰਿਹਰਸਲ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਤਿਵਾੜੀ, ਰਜਿਸਟਰਾਰ ਨਵਜੋਤ ਕੌਰ, ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ, ਡੀਨ ਖੋਜ ਡਾ. ਮਨਜੀਤ ਪਾਤਰ, ਵੱਖ-ਵੱਖ ਫੈਕਲਟੀਆਂ ਦੇ ਡੀਨ ਅਤੇ ਸਮੂਹ ਅਧਿਕਾਰੀ ਹਾਜ਼ਰ ਰਹੇ।